ਤਰਨਤਾਰਨ :
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਰਿਸ਼ਤੇਦਾਰ ਵੱਲੋਂ ਕਥਿਤ ਤੌਰ ’ਤੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪ੍ਰਤੀ ਇਤਰਾਜਯੋਗ, ਅਸ਼ਲੀਲ ਤੇ ਧਮਕੀ ਭਰੀ ਭਾਸ਼ਾ ਵਾਲੀ ਪੋਸਟ ਪਾਉਣ ਤੇ ਉਸੇ ਪੋਸਟ ’ਚ ਐੱਸਐੱਸਪੀ ਨੂੰ ਧਮਕਾਉਣ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਥਾਣਾ ਸਿਟੀ ਤਰਨਤਾਰਨ ’ਚ ਕੇਸ ਦਰਜ ਕੀਤਾ ਹੈ। ਇਸ ਵਿਚ ਅਕਾਲੀ ਉਮੀਦਵਾਰ ਦੀ ਲੜਕੀ ਸਮੇਤ ਛੇ ਲੋਕਾਂ ਨੂੰ ਨਾਮਜ਼ਦ ਵੀ ਕਰ ਲਿਆ ਗਿਆ ਹੈ। ਹਾਲਾਂਕਿ ਉਕਤ ਕੇਸ ਨੂੰ ਲੈ ਕੇ ਸ਼ਨਿੱਚਰਵਾਰ ਸ਼੍ਰੋਮਣੀ ਅਕਾਲੀ ਦਲ ਐਕਸ਼ਨ ਮੋਡ ਵਿਚ ਦਿਖਾਈ ਦੱਤਾ ਤੇ ਧਰਨਾ ਲਗਾ ਕੇ ਪਰਚੇ ਦਾ ਵਿਰੋਧ ਵੀ ਕੀਤਾ। ਮੁਨੀਸ਼ ਕੁਮਾਰ ਖੁੱਲਰ ਪੁੱਤਰ ਪ੍ਰਸ਼ੋਤਮ ਲਾਲ ਵੱਲੋਂ ਜ਼ਿਲਾ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਨੇ ਇਕ ਸ਼ੋਸ਼ਲ ਮੀਡੀਆ ਉੱਪਰ ਇਕ ਵੀਡੀਓ ਵੇਖੀ ਜਿਸ ਦੀ ਕੈਪਸ਼ਨ ‘ਹਰਮੀਤ ਸੰਧੂ ਨੂੰ ਬਾਠ ਦਾ ਸਿੱਧਾ ਚੈਲੰਜ’ ਲਿਖੀ ਹੋਈ ਸੀ। ਇਸ ਪੋਸਟ ’ਚ ਦਿਖਾਈ ਦੇਣ ਵਾਲਾ ਵਿਅਕਤੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦਾ ਰਿਸ਼ਤੇਦਾਰ ਅੰਮ੍ਰਿਤਪਾਲ ਬਾਠ ਹੈ। ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪ੍ਰਤੀ ਇਤਰਾਜ਼ਯੋਗ, ਅਸ਼ਲੀਲ ਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ, ਉਸੇ ਰੀਲ ਵਿਚਲਾ ਵਿਅਕਤੀ ਨੂੰ ਐੱਸਐੱਸਪੀ ਨੂੰ ਧਮਕੀਆਂ ਦੇ ਰਿਹਾ ਹੈ ਤੇ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਦੀ ਸੰਭਾਲ ਨਾਲ ਸਬੰਧਤ ਉਸਦੇ ਕਾਨੂੰਨੀ ਫਰਜ਼ ਨਿਭਾਉਣ ਤੋਂ ਰੋਕਣ ਦੀ ਕੋਸ਼ਿਸ਼ ਲੱਗਦੀ ਹੈ। ਇਹ ਸਪੱਸ਼ਟ ਤੌਰ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਡਰਾਉਣ ਦੇ ਨਾਲ-ਨਾਲ ਨਿਰਪੱਖ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਸ਼ਿਕਾਇਤ ਵਿਚ ਇਹ ਵੀ ਲਿਖਿਆ ਕਿ ਉਕਤ ਪੋਸਟ ਨੂੰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਖ ਵੱਖ ਵਿਅਕਤੀਆਂ ਵੱਲੋਂ ਸਾਂਝਾ ਜਾ ਰਿਹਾ ਹੈ। ਜਦੋਂਕਿ ਪ੍ਰਮਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗੱਗੋਬੂਆ, ਪੂਰਨ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਅੱਡਾ ਝਬਾਲ, ਕੰਚਨਪ੍ਰੀਤ ਕੌਰ ਪੁੱਤਰੀ ਪ੍ਰਿੰਸੀਪਲ ਸੁਖਵਿੰਦਰ ਕੌਰ ਵਾਸੀ ਮਜੀਠਾ, ਅਜਮੇਰ ਸਿੰਘ ਕਾਕਾ ਛਾਪਾ ਪੁੱਤਰ ਜੋਗਿੰਦਰ ਸਿੰਘ ਵਾਸੀ ਛਾਪਾ, ਸੰਦੀਪ ਸਿੰਘ ਉਰਫ ਸੋਨੂੰ ਦੋਦੇ ਪੁੱਤਰ ਰਵੇਲ ਸਿੰਘ ਵਾਸੀ ਦੋਦੇ ਅਤੇ ਅਣਪਛਾਤੇ ਵਿਅਕਤੀ ਅੰਮ੍ਰਿਤਪਾਲ ਬਾਠ ਦੇ ਪ੍ਰਭਾਵ ਤੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਸੁਖਵਿੰਦਰ ਕੌਰ ਰੰਧਾਵਾ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਵੀ ਕੀਤੀ। ਦੂਜੇ ਪਾਸੇ ਉਕਤ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਸ਼ਿਕਾਇਤ ’ਚ ਦੱਸੇ 6 ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ ਤੇ ਇਸ ਮਾਮਲੇ ਦੀ ਅਗਲੀ ਜਾਂਚ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

