ਜਲੰਧਰ : 
ਜ਼ਿਲ੍ਹੇ ਵਿਚ ਵਧ ਰਹੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਸਖ਼ਤ ਰੁਖ ਅਪਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਫੀਲਡ ਵਿਚ ਕੰਮ ਕਰ ਰਹੇ 26 ਕਲੱਸਟਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਨੋਟਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੁੱਛਿਆ ਹੈ ਕਿ ਫੀਲਡ ਵਿਚ ਟੀਮਾਂ ਦੇ ਸਰਗਰਮ ਹੋਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਕਿਵੇਂ ਹੋਈਆਂ। ਹੁਣ ਫੀਲਡ ਵਿਚ ਤਾਇਨਾਤ ਅਧਿਕਾਰੀ ਦੱਸਣਗੇ ਕਿ ਜਦੋਂ ਪਰਾਲੀ ਸਾੜੀ, ਉਹ ਕਿੱਥੇ ਸਨ? ਹਾਲਾਂਕਿ ਕਾਰਵਾਈ ਅਧਿਕਾਰੀਆਂ ਦੇ ਜਵਾਬ ਦੇ ਬਾਅਦ ਹੀ ਹੋਵੇਗੀ। ਇਹ ਰਿਪੋਰਟ ਉਨ੍ਹਾਂ ਦੀ ਸਰਵਿਸ ਬੁੱਕ ਵਿਚ ਦਰਜ ਕੀਤੀ ਜਾ ਸਕਦੀ ਹੈ। ਸਭ ਤੋਂ ਵੱਧ ਪਰਾਲੀ ਸਾੜ ਦੀਆਂ ਘਟਨਾਵਾਂ ਸ਼ਾਹਕੋਟ ਸਬ ਡਵੀਜ਼ਨ ਦੇ ਮਹਿਤਪੁਰ ਅਤੇ ਲੋਹੀਆ ਵਿਚ ਹੋਈਆਂ, ਜਿੱਥੇ ਪਰਾਲੀ ਸਾੜਨ ਦੇ ਸੱਤ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਕਰਤਾਰਪੁਰ, ਨੂਰਮਹਿਲ, ਭੋਗਪੁਰ ਵਿਚ ਇਕ-ਇਕ ਅਤੇ ਨਕੋਦਰ ਵਿਚ ਦੋ ਮਾਮਲੇ ਆਏ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ੁੱਕਰਵਾਰ ਸ਼ਾਮ ਤੱਕ 34 ਮਾਮਲੇ ਸੈਟੇਲਾਈਟ ਰਾਹੀਂ ਮਿਲੇ। ਹੁਣ ਤੱਕ ਪਰਾਲੀ ਸਾੜਨ ਦੇ 12 ਮਾਮਲਿਆਂ ਵਿਚ ਕਾਰਵਾਈ ਕੀਤੀ ਜਾ ਚੁੱਕੀ ਹੈ। ਕਈ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਏਕਿਊਆਈ 302 ਰਿਹਾ ਜੋ ਵੀਰਵਾਰ ਤੋਂ ਘੱਟ ਸੀ। ਪਰਾਲੀ ਸਾੜਨ ਦੇ ਮਾਮਲਿਆਂ ਵਿਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਵੇਲੇ ਸਿਰਫ ਰੈੱਡ ਐਂਟਰੀ ਅਤੇ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ। ਵੀਰਵਾਰ ਤੱਕ 16 ਦੀ ਰੈੱਡ ਐਂਟਰੀ ਸੀ ਜੋ ਸ਼ੁੱਕਰਵਾਰ ਨੂੰ ਵਧ ਕੇ 19 ਤੇ ਪਹੁੰਚ ਗਈ ਹੈ। — ਕਿਵੇਂ ਕਰ ਰਹੇ ਮਾਨੀਟਰਿੰਗ ਜਲੰਧਰ ਜ਼ਿਲ੍ਹੇ ’ਚ ਛੇ ਸਬ ਡਵੀਜ਼ਨਾਂ ਹਨ, ਜਿਨ੍ਹਾਂ ਵਿਚ ਜਲੰਧਰ-1, ਜਲੰਧਰ-2, ਸ਼ਾਹਕੋਟ, ਨਕੋਦਰ, ਆਦਮਪੁਰ ਅਤੇ ਫਿਲੌਰ ਸ਼ਾਮਲ ਹਨ। ਸਬ ਡਵੀਜ਼ਨ ਦੇ ਐਸਡੀਐਮ ਆਪਣੀਆਂ ਟੀਮਾਂ ਦੇ ਨਾਲ ਪਰਾਲੀ ਸਾੜਨ ਦੀ ਮਾਨੀਟਰਿੰਗ ਕਰਦੇ ਹਨ। ਸੈਟੇਲਾਈਟ ਤੋਂ ਜਾਣਕਾਰੀ ਮਿਲਣ ਦੇ ਬਾਅਦ ਟੀਮਾਂ ਮੌਕੇ ’ਤੇ ਜਾ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਦੀਆਂ ਹਨ। ਟੀਮ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀ, ਕਿਸਾਨੀ ਵਿਭਾਗ ਦੇ ਕਰਮਚਾਰੀ, ਪਟਵਾਰੀ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਹੁੰਦੇ ਹਨ। ਐਸਡੀਐਮ ਮੌਕੇ ਮੁਤਾਬਕ ਡਿਊਟੀ ਨਿਰਧਾਰਤ ਕਰਦੇ ਹਨ। ਇਸ ਤੋਂ ਇਲਾਵਾ ਕਲੱਸਟਰ ਅਧਿਕਾਰੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਵਿਚ ਰਹਿੰਦੇ ਹਨ। ਜਿੱਥੇ ਲਾਪਰਵਾਹੀ ਪਾਈ ਗਈ, ਸਬ ਡਵੀਜ਼ਨ ਦੇ ਐਸਡੀਐਮ ਨੇ ਟੀਮ ਦੇ ਮੈਂਬਰਾਂ ਨੂੰ ਨੋਟਿਸ ਜਾਰੀ ਕਰਕੇ ਕਾਰਨ ਪੁੱਛਿਆ ਹੈ।

