ਤਰਨਤਾਰਨ –
ਤਰਨਤਾਰਨ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਚੋਣ ਪ੍ਰਚਾਰ ਲਈ ਤੁਫਾਨੀ ਦੌਰ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਹਲਕੇ ਦੇ ਪਿੰਡ ਝਾਮਕਾ ਖੁਰਦ ਪੁੱਜੇ। ਜਿਥੇ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਦੇ ਨਜ਼ਦੀਕੀ ਸਾਥੀ ਲਾਲੀ ਝਾਮਕਾ ਵੱਲੋਂ ਰਖਵਾਏ ਗਏ ਸਮਾਗਮ ਦੌਰਾਨ ਬੀਬਾ ਬਾਦਲ ਨੂੰ ਜਿਥੇ ਨਿੱਘਾ ਸਵਾਗਤ ਕੀਤਾ ਗਿਆ। ਉਥੇ ਹੀ ਲਾਲੀ ਝਾਮਕਾ ਨੇ ਪਰਿਵਾਰ ਸਮੇਤ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਅਧਾਰਿਤ ਸਾਰੀਆਂ ਪਾਰਟੀਆਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੋਈਆਂ ਪਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਇੱਕੋ ਇਕ ਖੇਤਰੀ ਪਾਰਟੀ ਅਕਾਲੀ ਦਲ ਇਸ ਵੇਲੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਸਭ ਤੋਂ ਵੱਡਾ ਖਤਰਾ ਲੱਗ ਰਹੀ ਹੈ ਪਰ ਇਸ ਜ਼ਿਮਨੀ ਚੋਣ ਦੌਰਾਨ ਮਾਝੇ ਦੇ ਲੋਕ ਖੇਤਰੀ ਪਾਰਟੀ ਨੂੰ ਮਜਬੂਤ ਕਰ ਦਿਆਂ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਜਿਤਾਉਣ ਜਾ ਰਹੇ ਹਨ। ਇਸ ਮੌਕੇ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਰੰਧਾਵਾ ਦੇ ਪ੍ਰਚਾਰ ਲਈ ਬਣਾਏ ਗਏ ਜੋਨਾਂ ਵਿਚ ਹਰ ਆਗੂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਝਾਮਕਾ ਖੁਰਦ ਵਿਖੇ ਹੋਏ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਅਕਾਲੀ ਦਲ ਨੂੰ ਦਿਲੋਂ ਚਾਹੁੰਦੇ ਹਨ। ਇਸ ਮੌਕੇ ਪੀਏ ਲਾਲੀ ਝਾਮਕਾ ਨੇ ਕਿਹਾ ਕਿ ਇਕਬਾਲ ਸਿੰਘ ਸੰਧੂ ਦੀ ਦੇਖ ਰੇਖ ਹੇਠ ਅੱਜ ਹੋਏ ਸਮਾਗਮ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਪਾਰਟੀ ਉਮੀਦਵਾਰ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਝੇ ਦੀ ਇਸ ਪੰਥਕ ਸੀਟ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਕਾਲੀ ਦਲ ਨੂੰ ਇੱਥੋਂ ਜਰੂਰ ਜਿਤਾਉਣਗੇ। ਇਸ ਮੌਕੇ ਲਾਲੀ ਝਾਮਕਾ ਦੇ ਮਾਤਾ ਸਵਿੰਦਰ ਕੌਰ, ਪੁੱਤਰ ਸਤਕਰਤਾਰ ਸਿੰਘ, ਪਤਨੀ ਦਵਿੰਦਰ ਕੌਰ, ਭੈਣ ਕਿਰਨਦੀਪ ਕੌਰ ਅਤੇ ਇਕਬਾਲ ਸਿੰਘ ਸੰਧੂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਗੁਰੂ ਘਰ ਦੀ ਬਖਸਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।

