ਨਵੀਂ ਦਿੱਲੀ : 
ਉੱਤਰ ਭਾਰਤ ‘ਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਰਦੀ ਇਸ ਵਾਰ ਸਾਰੇ ਰਿਕਾਰਡ ਤੋੜ ਰਹੀ ਹੈ। ਅੱਜ ਐਤਵਾਰ, 11 ਜਨਵਰੀ ਨੂੰ ਦਿੱਲੀ ਦੇ ਆਇਆਨਗਰ ‘ਚ ਸਭ ਤੋਂ ਘੱਟ ਤਾਪਮਾਨ 2.9-ਡਿਗਰੀ ਰਿਕਾਰਡ ਕੀਤਾ ਗਿਆ ਹੈ।ਠੰਢ ਨਾਲ ਲੋਕ ਕੰਬ ਰਹੇ ਹਨ। ਦੇਸ਼ ਦੇ ਕਈ ਇਲਾਕਿਆਂ ‘ਚ ਤਾਪਮਾਨ 0-ਡਿਗਰੀ ਦੇ ਕਰੀਬ ਪਹੁੰਚਦਾ ਜਾ ਰਿਹਾ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਦਿੱਲੀ ਵਿੱਚ ਸਰਦੀ ਲਗਾਤਾਰ ਵਧਦੀ ਜਾ ਰਹੀ ਹੈ। ਜਿੱਥੇ ਆਇਆਨਗਰ ਵਿੱਚ 2.9-ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ, ਉੱਥੇ ਹੀ ਪਾਲਮ ਵਿੱਚ ਤਾਪਮਾਨ 3-ਡਿਗਰੀ ਰਿਹਾ। ਲੋਧੀ ਰੋਡ ਵਿੱਚ 4.6-ਡਿਗਰੀ ਅਤੇ ਸਫ਼ਦਰਜੰਗ ਵਿੱਚ 4.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਠੰਢ ਤੋਂ ਬਚਣ ਲਈ ਲੋਕ ਥਾਂ-ਥਾਂ ਧੂਣੀਆਂ ਬਾਲ ਕੇ ਬੈਠ ਰਹੇ ਹਨ। ਸਿਰਫ਼ ਦਿੱਲੀ ਹੀ ਨਹੀਂ, ਸਗੋਂ ਪੂਰੇ ਉੱਤਰ ਭਾਰਤ ‘ਚ ਠੰਢ ਦਾ ਕਹਿਰ ਛਾਇਆ ਹੋਇਆ ਹੈ। ਅੱਜ ਐਤਵਾਰ ਨੂੰ ਰਾਜਸਥਾਨ ਦਾ ਪਿਲਾਨੀ ਸ਼ਹਿਰ ਦੇਸ਼ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ ਹੈ। ਇੱਥੇ ਤਾਪਮਾਨ 1.2-ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਉੱਥੇ ਹੀ ਰਾਜਸਥਾਨ ਦਾ ਸੀਕਰ, ਦੇਸ਼ ਦਾ ਦੂਜਾ ਸਭ ਤੋਂ ਠੰਢਾ ਸ਼ਹਿਰ ਰਿਹਾ, ਇੱਥੇ ਤਾਪਮਾਨ 1.7-ਡਿਗਰੀ ਤਕ ਪਹੁੰਚਿਆ। ਪੰਤਨਗਰ (ਉੱਤਰਾਖੰਡ) ‘ਚ ਅੱਜ 1.8-ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਭਾਰਤ ਦਾ ਤੀਜਾ ਸਭ ਤੋਂ ਠੰਢਾ ਸ਼ਹਿਰ ਹੈ। ਚੁਰੂ (ਰਾਜਸਥਾਨ) ‘ਚ 2.0 ਡਿਗਰੀ ਤਾਪਮਾਨ ਰਿਕਾਰਡ ਹੋਇਆ। ਹਿਸਾਰ (ਹਰਿਆਣਾ) ‘ਚ 2.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

