ਨਵੀਂ ਦਿੱਲੀ : 
ਯੂਕਰੇਨ ਜੰਗ ‘ਚ ਡਰੋਨ ਸਭ ਤੋਂ ਵੱਡਾ ਖਤਰਾ ਬਣ ਚੁੱਕੇ ਹਨ। ਇਨ੍ਹਾਂ ਤੋਂ ਬਚਣ ਲਈ ਰੂਸ ਲਗਾਤਾਰ ਨਵੇਂ ਅਤੇ ਅਜੀਬ ਦਿਖਣ ਵਾਲੇ ਟੈਂਕ ਸੁਰੱਖਿਆ ਉਪਾਅ ਅਜ਼ਮਾ ਰਿਹਾ ਹੈ। ਪਹਿਲਾਂ ‘ਟਰਟਲ ਟੈਂਕ’ ਤੇ ‘ਹੇਰੀ ਟੈਂਕ’ ਆਏ, ਜਿਨ੍ਹਾਂ ਦਾ ਮਜ਼ਾਕ ਵੀ ਉਡਾਇਆ ਗਿਆ।ਹੁਣ ਰੂਸ ਨੇ ਇਕ ਨਵਾਂ ਡਿਜ਼ਾਈਨ ਪੇਸ਼ ਕੀਤਾ ਹੈ ਜਿਸ ਨੂੰ ‘ਡੈਂਡੇਲੀਅਨ ਟੈਂਕ’ ਕਿਹਾ ਜਾ ਰਿਹਾ ਹੈ। ਦਿਖਣ ਵਿਚ ਭਾਵੇਂ ਇਹ ਅਟਪਟਾ ਲੱਗੇ, ਪਰ ਮਾਹਿਰ ਮੰਨਦੇ ਹਨ ਕਿ ਡਰੋਨ ਤੋਂ ਬਚਾਅ ਲਈ ਫਿਲਹਾਲ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਰੂਸ ਦੇ ਇਸ ਨਵੇਂ ਟੈਂਕ ਕਵਚ ਨੂੰ ਰੂਸੀ ਭਾਸ਼ਾ ‘ਚ ‘ਓਦੂਵਾਂਚਿਕ’ ਯਾਨੀ ਡੈਂਡੇਲੀਅਨ ਕਿਹਾ ਗਿਆ ਹੈ। ਇਸ ਵਿਚ ਲਚਕਦਾਰ ਧਾਤ ਦੀਆਂ ਛੜਾਂ ਰੁੱਖ ਦੀਆਂ ਟਾਹਣੀਆਂ ਵਾਂਗ ਕਈ ਤਹਿਆਂ ‘ਚ ਫੈਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਵਿਚਕਾਰ ਮਜ਼ਬੂਤ ਜਾਲੀ ਲਗਾਈ ਗਈ ਹੈ, ਜਿਸ ਨਾਲ ਟੈਂਕ ਦੇ ਚਾਰੇ ਪਾਸੇ ਇਕ ਥ੍ਰੀ ਡਾਇਮੈਂਸ਼ਨਲ ਸੁਰੱਖਿਆ ਘੇਰਾ ਬਣ ਜਾਂਦਾ ਹੈ। ਜੇਕਰ ਕੋਈ ਵਿਸਫੋਟਕ ਨਾਲ ਲੈਸ FPV ਡਰੋਨ ਟੈਂਕ ਵੱਲ ਆਉਂਦਾ ਹੈ ਤਾਂ ਇਹ ਛੜਾਂ ਉਸ ਨੂੰ ਟੈਂਕ ਤੋਂ ਕੁਝ ਦੂਰੀ ‘ਤੇ ਹੀ ਧਮਾਕਾ ਕਰਨ ਲਈ ਮਜਬੂਰ ਕਰ ਸਕਦੀਆਂ ਹਨ। ਡਰੋਨ ਜਿੰਨੀ ਦੂਰ ਫਟਦਾ ਹੈ, ਟੈਂਕ ਨੂੰ ਉਨਾ ਹੀ ਘੱਟ ਨੁਕਸਾਨ ਹੁੰਦਾ ਹੈ। ਇਹ ਡਿਜ਼ਾਈਨ ਪਿਛਲੇ ਸਾਲ ਵਰਤੇ ਗਏ ‘ਹੈਜਹੌਗ ਆਰਮਰ’ ਦਾ ਉੱਨਤ ਰੂਪ ਹੈ। ਫੌਜੀ ਵਿਸ਼ਲੇਸ਼ਕ ਡੇਵਿਡ ਐਕਸ ਦੇ ਮੁਤਾਬਕ, ਜੇਕਰ ਡੈਂਡੇਲੀਅਨ ਆਰਮਰ ਨੂੰ ਟੀ-90 (T-90) ਟੈਂਕ ਦੇ ਮੂਲ ਕਵਚ ਅਤੇ ਧਾਤ ਦੇ ਪਿੰਜਰਿਆਂ ਨਾਲ ਜੋੜਿਆ ਜਾਵੇ ਤਾਂ ਇਹ ਫਿਲਹਾਲ ਉਪਲਬਧ ਸਭ ਤੋਂ ਵਧੀਆ ਐਂਟੀ-ਡਰੋਨ ਸੁਰੱਖਿਆ ਬਣ ਸਕਦੀ ਹੈ। ਹਥਿਆਰਾਂ ਦੇ ਮਾਹਿਰ ਡੇਵਿਡ ਕਿਰੀਚੇਂਕੋ ਦਾ ਕਹਿਣਾ ਹੈ ਕਿ ਮੋਰਚੇ ‘ਤੇ ਜੋ ਵੀ ਪ੍ਰਯੋਗ ਫ਼ੌਜੀਆਂ ਦੀ ਜਾਨ ਬਚਾਅ ਸਕਦਾ ਹੈ, ਉਹ ਕਰਨ ਯੋਗ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਯੂਕਰੇਨੀ ਫ਼ੌਜੀ ਰੂਸੀ ਟੈਂਕਾਂ ‘ਤੇ ਲੱਗੇ ਪਿੰਜਰਿਆਂ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਉਹ ਖੁਦ ਵੀ ਅਜਿਹੀ ਸੁਰੱਖਿਆ ਅਪਣਾ ਰਹੇ ਹਨ। ਹਾਲਾਂਕਿ ਇਹ ਕਵਚ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਵਾਧੂ ਧਾਤ ਕਾਰਨ ਟੈਂਕ ਦਾ ਭਾਰ ਵਧ ਜਾਂਦਾ ਹੈ, ਜਿਸ ਨਾਲ ਉਸ ਦੀ ਰਫ਼ਤਾਰ ਘੱਟ ਜਾਂਦੀ ਹੈ। ਇਸ ਤੋਂ ਇਲਾਵਾ, ਯੂਕਰੇਨ ਹੁਣ ਡਰੋਨਾਂ ਨੂੰ ਟੈਂਕਾਂ ਦੇ ਹੇਠਾਂ ਉਡਾ ਕੇ ਹਮਲਾ ਕਰਨ ‘ਚ ਮਾਹਰ ਹੋ ਰਿਹਾ ਹੈ, ਜਿੱਥੇ ਕਵਚ ਸਭ ਤੋਂ ਕਮਜ਼ੋਰ ਹੁੰਦਾ ਹੈ। ਯੂਕਰੇਨੀ ਹਥਿਆਰ ਵਿਸ਼ਲੇਸ਼ਕ ਵਲੇਰੀ ਰਿਆਬਿਖ ਨੇ ਕਿਹਾ ਕਿ ਇਹ ਸੁਰੱਖਿਆ ਰਵਾਇਤੀ ਹਥਿਆਰਾਂ, ਖਾਸ ਕਰਕੇ ਸਟੀਕ ਤੋਪਖਾਨੇ ਦੇ ਗੋਲਿਆਂ ਵਿਰੁੱਧ ਬੇਅਸਰ ਹੈ। ਡਰੋਨਾਂ ਵਿਰੁੱਧ ਇਹ ਕੁਝ ਸਮੇਂ ਲਈ ਕੰਮ ਕਰ ਸਕਦੀ ਹੈ, ਪਰ ਜਿਵੇਂ ਹੀ ਵਿਰੋਧੀ ਇਸ ਦਾ ਤੋੜ ਲੱਭ ਲਵੇਗਾ, ਇਸ ਦਾ ਫਾਇਦਾ ਖਤਮ ਹੋ ਜਾਵੇਗਾ। ਰੂਸ ਨੇ ਹਾਲ ਹੀ ‘ਚ ਇਕ ਨਵਾਂ ‘ਛਲਾਵਰਨ ਜਾਲ’ (Camouflage Net) ਵੀ ਪੇਸ਼ ਕੀਤਾ ਹੈ ਜੋ ਟੁੱਟੀਆਂ ਇੱਟਾਂ-ਪੱਥਰਾਂ ਵਰਗਾ ਲੱਗਦਾ ਹੈ। ਇਸ ਤੋਂ ਇਲਾਵਾ, ਰੂਸ ਨੇ ਡਰੋਨਾਂ ਤੋਂ ਬਚਣ ਲਈ ਵੈਨਾਂ ਅਤੇ ਟਰੱਕਾਂ ‘ਤੇ ਵੱਡੇ ਘੁੰਮਦੇ ਪੱਖੇ ਲਗਾਉਣ ਦਾ ਪੇਟੈਂਟ ਵੀ ਕਰਵਾਇਆ ਹੈ। ਮਾਹਿਰਾਂ ਅਨੁਸਾਰ, ਉਪਾਅ ਭਾਵੇਂ ਕਿੰਨਾ ਵੀ ਸਧਾਰਨ ਕਿਉਂ ਨਾ ਹੋਵੇ, ਜੇਕਰ ਉਹ ਥੋੜ੍ਹੀ ਦੇਰ ਲਈ ਵੀ ਸੁਰੱਖਿਆ ਦੇ ਦਿੰਦਾ ਹੈ ਤਾਂ ਉਹ ਕੀਮਤੀ ਸਮਾਂ ਖਰੀਦ ਸਕਦਾ ਹੈ ਅਤੇ ਆਧੁਨਿਕ ਜੰਗ ਵਿੱਚ ਸਮਾਂ ਹੀ ਸਭ ਤੋਂ ਵੱਡੀ ਤਾਕਤ ਹੈ।

