ਅੰਮ੍ਰਿਤਸਰ :
ਬੀਐੱਸਐੱਫ ਦੇ 61ਵੇਂ ਸਥਾਪਨਾ ਦਿਵਸ (1 ਦਸੰਬਰ 2025) ਤੋਂ ਠੀਕ ਪਹਿਲਾਂ ਪੰਜਾਬ ਫਰੰਟੀਅਰ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਸਾਲ 2025 ਲਈ ਆਪਣੀਆਂ ਪ੍ਰਮੁੱਖ ਸੰਚਾਲਨ ਪ੍ਰਾਪਤੀਆਂ ਜਾਰੀ ਕੀਤੀਆਂ। ਡਾਇਮੰਡ ਜੁਬਲੀ ਸਾਲ ਮੌਕੇ ਫਰੰਟੀਅਰ ਨੇ ਸਰਹੱਦੀ ਸੁਰੱਖਿਆ ਤੋਂ ਲੈ ਕੇ ਅੰਦਰੂਨੀ ਡਿਊਟੀਆਂ ਤੱਕ ਕਈ ਮੋਰਚਿਆਂ ਤੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਬੀਐੱਸਐੱਫ ਪੰਜਾਬ ਫਰੰਟੀਅਰ ਦੇ ਆਈਜੀ ਅਤੁਲ ਫੁਲਜ਼ੇਲੇ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਸਰਹੱਦ ਤੇ ਡਰੋਨ ਗਤੀਵਿਧੀ ਇਕ ਚੁਣੌਤੀ ਰਹੀ, ਪਰ ਬੀਐੱਸਐੱਫ ਨੇ ਚੌਕਸੀ ਬਣਾਈ ਰੱਖਦੇ ਹੋਏ ਕੁੱਲ 272 ਡਰੋਨਾਂ ਨੂੰ ਮਾਰ ਸੁੱਟਿਆ ਜਾਂ ਜ਼ਬਤ ਕੀਤਾ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 367.788 ਕਿੱਲੋਗ੍ਰਾਮ ਹੈਰੋਇਨ, 19.033 ਕਿੱਲੋਗ੍ਰਾਮ ਆਈਸ ਡਰੱਗਜ਼ ਤੇ 14.437 ਕਿੱਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ। ਬੀਐੱਸਐੱਫ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ, 200 ਹਥਿਆਰ, 3,625 ਕਾਰਤੂਸ ਤੇ 265 ਮੈਗਜ਼ੀਨ ਜ਼ਬਤ ਕੀਤੇ। ਇਹ ਕਾਰਵਾਈ ਤਸਕਰੀ ਨੈੱਟਵਰਕ ਲਈ ਇਕ ਵੱਡਾ ਝਟਕਾ ਸਾਬਤ ਹੋਈ। ਸਰਹੱਦੀ ਕਾਰਵਾਈਆਂ ’ਚ 251 ਭਾਰਤੀ ਤਸਕਰ ਜਾਂ ਸ਼ੱਕੀ, 18 ਪਾਕਿਸਤਾਨੀ ਨਾਗਰਿਕ, 4 ਨੇਪਾਲੀ ਤੇ 3 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ। ਸਰਹੱਦ ਪਾਰੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਪਾਕਿਸਤਾਨੀ ਨਾਗਰਿਕ ਮਾਰੇ ਗਏ। ਆਈਜੀ ਨੇ ਕਿਹਾ ਕਿ ਬੀਐਸਐਫ ਪੰਜਾਬ ਫਰੰਟੀਅਰ ਨੇ ਵੀ ਅੰਦਰੂਨੀ ਸੁਰੱਖਿਆ ਵਿਚ ਭੂਮਿਕਾ ਨਿਭਾਈ। ਅਮਰਨਾਥ ਯਾਤਰਾ 2025 ਲਈ ਕਸ਼ਮੀਰ ਘਾਟੀ ਵਿਚ ਫਰੰਟੀਅਰ ਦੀਆਂ 22 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ, ਪ੍ਰਯਾਗਰਾਜ ਅਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਮਹਾਂ ਕੁੰਭ ਮੇਲੇ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬੀਐਸਐਫ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਬੀਐੱਸਐੱਫ ਨੇ ਬਿਹਾਰ, ਦਿੱਲੀ, ਗੁਜਰਾਤ, ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਚੋਣਾਂ ਦੇ ਸ਼ਾਂਤੀਪੂਰਨ ਸੰਚਾਲਨ ਨੂੰ ਵੀ ਯਕੀਨੀ ਬਣਾਇਆ। ਬੀਐੱਸਐੱਫ ਦੀ ਸਰਹੱਦ ਭਾਰਤ-ਪਾਕਿਸਤਾਨ ਸਰਹੱਦ : 2289.66 ਕਿਲੋਮੀਟਰ ਐੱਲਓਸੀ ਤਾਇਨਾਤੀ : 772 ਕਿਲੋਮੀਟਰ (ਬੀਐੱਸਐੱਫ ਦੀ ਸੁਤੰਤਰ ਤਾਇਨਾਤੀ 237.2 ਕਿਲੋਮੀਟਰ) ਭਾਰਤ-ਬੰਗਲਾਦੇਸ਼ ਸਰਹੱਦ : 4096.70 ਕਿਲੋਮੀਟਰ ਕੁੱਲ ਸਰਹੱਦੀ ਸੁਰੱਖਿਆ : 6386.36 ਕਿਲੋਮੀਟਰ ਪੰਜਾਬ ਸਰਹੱਦੀ ਸਰਹੱਦ : 533 ਕਿਲੋਮੀਟਰ ਕੁੱਲ ਬਟਾਲੀਅਨ : 19 ਸਥਾਪਨਾ ਦਿਵਸ ਪਰੇਡ ’ਚ ਅਮਿਤ ਸ਼ਾਹ ਸ਼ਾਮਲ ਬੀਐੱਸਐੱਫ ਦੀ 61ਵੀਂ ਸਥਾਪਨਾ ਦਿਵਸ ਪਰੇਡ 21 ਨਵੰਬਰ, 2025 ਨੂੰ ਗੁਜਰਾਤ ਦੇ ਭੁਜ ਵਿਚ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਆਈਜੀ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਆਧੁਨਿਕ ਤਕਨਾਲੋਜੀ ਤੇ ਵਧੀ ਹੋਈ ਚੌਕਸੀ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

