ਜਲੰਧਰ : 
ਰਵਿਦਾਸ ਕਾਲੋਨੀ ’ਚ ਦੋ ਨੌਜਵਾਨਾਂ ਨੇ ਆਪਣੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਆਸ਼ੂ ਅਪਰਾਧਿਕ ਮਾਮਲੇ ਸਬੰਧੀ ਸਿਰਫ਼ ਡੇਢ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਦੋਵੇਂ ਦੋਸਤ ਸ਼ਨਿਚਰਵਾਰ ਤੇ ਐਤਵਾਰ ਰਾਤ ਨੂੰ ਆਸ਼ੂ ਦੇ ਘਰ ਠਹਿਰੇ ਸਨ। ਨਸ਼ੇ ਦੀ ਲਤ, ਪੁਰਾਣੀ ਦੁਸ਼ਮਣੀ ਤੇ ਵਿਸ਼ਵਾਸਘਾਤ ਦੀ ਇਸ ਕਹਾਣੀ ਨੇ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਕੁਝ ਘੰਟਿਆਂ ’ਚ ਹੀ ਮੁੱਖ ਮੁਲਜ਼ਮ ਤਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਸ ਦੇ ਚਚੇਰੇ ਭਰਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਆਸ਼ੂ ਦੇ ਪਿਤਾ ਸਿੱਧੂ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਦੋਸਤ ਦੋ ਦਿਨ ਪਹਿਲਾਂ ਰਾਤ 11 ਵਜੇ ਘਰ ਆਏ ਸਨ। ਉਸ ਨੂੰ ਸ਼ੱਕ ਸੀ ਕਿ ਕੁਝ ਗਲਤ ਹੈ ਤੇ ਉਸ ਨੇ ਆਸ਼ੂ ਨੂੰ ਉਨ੍ਹਾਂ ਨੂੰ ਦੂਰ ਭੇਜਣ ਲਈ ਕਿਹਾ ਸੀ ਪਰ ਆਸ਼ੂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਨੂੰ ਅੱਜ ਰਾਤ ਰਹਿਣ ਦਿਓ, ਕੱਲ੍ਹ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ੳਹ ਸਵੇਰੇ 9 ਵਜੇ ਛੱਤ ’ਤੇ ਸਿਲੰਡਰ ਲੈਣ ਗਿਆ, ਤਾਂ ਉੱਥੇ ਉਸ ਦਾ ਪੁੱਤਰ ਖੂਨ ਨਾਲ ਲੱਥਪੱਥ ਪਿਆ ਸੀ ਤੇ ਉਸ ਦੇ ਦੋਸਤ ਫਰਾਰ ਸਨ। ਉਨ੍ਹਾਂ ਤਰਨ ਸਿੰਘ ਤੇ ਉਸ ਦੇ ਮਾਮੇ ਦੇ ਪੁੱਤਰ ’ਤੇ ਕਤਲ ਦਾ ਦੋਸ਼ ਲਗਾਇਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁੱਖ ਮੁਲਜ਼ਮ ਤਰਨਜੀਤ ਸਿੰਘ, ਜੋ ਕਿ ਪਰਾਗਪੁਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸ ਦੇ ਭਰਾ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ ‘ਤੇ ਕੁਝ ਘੰਟਿਆਂ ’ਚ ਹੀ ਪੂਰਾ ਮਾਮਲਾ ਟਰੇਸ ਕਰ ਲਿਆ ਹੈ ਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਭਾਵਨਾ ਹੈ ਕਿ ਦੂਜਾ ਮੁਲਜ਼ਮ ਅੱਜ ਰਾਤ ਤੱਕ ਪੁਲਿਸ ਹਿਰਾਸਤ ’ਚ ਹੋਵੇਗਾ। ਰਾਮਾ ਮੰਡੀ ਥਾਣੇ ਦੀ ਪੁਲਿਸ ਤੇ ਫੋਰੈਂਸਿਕ ਮਾਹਰਾਂ ਦੀ ਟੀਮ ਮੌਕੇ ’ਤੇ ਪਹੁੰਚੀ। ਘਟਨਾ ਸਥਾਨ ਤੋਂ ਖੂਨ ਦੇ ਨਮੂਨੇ ਤੇ ਹੋਰ ਸਬੂਤ ਇਕੱਠੇ ਕੀਤੇ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

