ਤਰਨਤਾਰਨ :
ਤਰਨਤਾਰਨ ਜ਼ਿਮਨੀ ਚੋਣ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਹੋਣਗੇ। ਮਨਦੀਪ ਸਿੰਘ ਸ਼ਿਵ ਸੈਨਾ ਨੇਤਾ ਸੂਰੀ ਹੱਤਿਆਕਾਂਡ ‘ਚ ਜੇਲ੍ਹ ‘ਚ ਬੰਦ ਸੰਦੀਪ ਸਿੰਘ ਦਾ ਭਰਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਪਹਿਲਾਂ ਹੀ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਬੀਤੇ ਦਿਨ ਭਾਰਤੀ ਚੋਣ ਕਮਿਸ਼ਨਰ ਤਰਨਤਾਰਨ ਜ਼ਿਮਨੀ ਚੋਣ ਲਈ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। 11 ਨਵੰਬਰ ਨੂੰ ਜ਼ਿਮਨੀ ਚੋਣ ਹੋਵੇਗੀ ਤੇ 14 ਨਵੰਬਰ ਨੂੰ ਨਤੀਜਾ ਆ ਜਾਵੇਗਾ। ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਇਸ ਸੀਟ ਨੂੰ ਖਾਲੀ ਐਲਾਨਿਆ ਗਿਆ ਸੀ। ਹੁਣ 11 ਨਵੰਬਰ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ-21 ਦੇ ਕੁੱਲ 1,95,098 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 1,01,494 ਪੁਰਸ਼ ਤੇ 92,240 ਮਹਿਲਾ ਵੋਟਰ ਸ਼ਾਮਲ ਹਨ। ਹਾਲਾਂਕਿ ਅੱਠ ਥਰਡ ਵੀ ਵੋਟ ਦਾ ਇਸਤੇਮਾਲ ਕਰਨਗੇ। ਮਤਦਾਨ ਲਈ ਹਲਕੇ ‘ਚ ਕੁੱਲ 222 ਬੂਥ ਸਥਾਪਿਤ ਕੀਤੇ ਗਏ ਹਨ। ਕੌਮੀ ਚੋਣ ਕਮਿਸ਼ਨ ਮੁਤਾਬਕ ਸਾਰੇ ਬੂਥਾਂ ‘ਤੇ ਮਤਦਾਨ ਦੀ ਵੈੱਬ ਕਾਸਟਿੰਗ ਕੀਤੀ ਜਾਵੇਗੀ।
ਤਰਨਤਾਰਨ ਜ਼ਿਮਨੀ ਚੋਣ ਲਈ ਇਹ ਉਮੀਦਵਾਰ ਮੈਦਾਨ ‘ਚ
ਹਾਲਾਂਕਿ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਫੈਸਲਾ ਅਜੇ ਤਕ ਨਹੀਂ ਕੀਤਾ ਜਾ ਸਕਿਆ। ਇਹ ਜਾਣਨਾ ਮਹੱਤਵਪੂਰਨ ਹੈ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਪੰਜਾਬ ਦੇ ਵਿਧਾਨ ਸਭਾ ਹਲਕੇ ਤਰਨਤਾਰਨ ਦੀ ਜੋ ਚੋਣ ਹੋਣ ਜਾ ਰਹੀ ਹੈ, ਉਹ ਨੌਵੀਂ ਹੈ। ਇਸ ਤੋਂ ਪਹਿਲਾਂ, 2022 ‘ਚ ਸਰਕਾਰ ਬਣਨ ਦੇ ਨਾਲ ਹੀ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੀਐਮ ਬਣਨ ਦੇ ਸਮੇਂ ਦਿੱਤੇ ਅਸਤੀਫ਼ੇ ‘ਤੇ ਸੰਗਰੂਰ ਜ਼ਿਮਨੀ ਚੋਣ ਹੋਈ ਸੀ। ਇਸ ਲੋਕ ਸਭਾ ਚੋਣ ‘ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਹੋਈ ਜ਼ਿਮਨੀ ਚੋਣ ‘ਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕਰਵਾਈ। ਜਲੰਧਰ ਪੱਛਮੀ ਵਿਧਾਨ ਸਭਾ ਚੋਣ ‘ਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਚੱਬੇਵਾਲ ਤੋਂ ਡਾ. ਇਸ਼ਾਂਕ ਚੱਬੇਵਾਲ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਰੀਵਾਲ ਅਤੇ ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ ਜ਼ਿਮਨੀ ਚੋਣ ਜਿੱਤਣ ‘ਚ ਕਾਮਯਾਬ ਰਹੇ। ਹੁਣ ਆਮ ਆਦਮੀ ਪਾਰਟੀ ਨੇ ਸਾਬਕਾ ਸੀਪੀਐਸ ਹਰਮੀਤ ਸਿੰਘ ਸੰਧੂ ‘ਤੇ ਦਾਅ ਖੇਡਿਆ ਹੈ।