ਤਰਨਤਾਰਨ :
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਸਾਬਕਾ ਸੀਪੀਐਸ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦਾ ਨੁਮਾਇੰਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਪਾਰਟੀਆਂ ਆਪਣੀ ਪਸੰਦ ਦਾ ਨੁਮਾਇੰਦਾ ਮੈਦਾਨ ‘ਚ ਉਤਾਰਦੀਆਂ ਹਨ, ਪਰ ਅਸੀਂ ਹਲਕੇ ਦੇ ਲੋਕਾਂ ਦੀ ਪਸੰਦ ਨੂੰ ਮੈਦਾਨ ‘ਚ ਉਤਾਰਿਆ ਹੈ। ਤਰਨਤਾਰਨ ਤੋਂ ਤਿੰਨ ਵਾਰੀ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਅਗਸਤ ਮਹੀਨੇ ਹਲਕਾ ਇੰਚਾਰਜ ਬਣਾਇਆ ਗਿਆ ਸੀ। ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੇ ਅਖੀਰ ‘ਚ ਕਿਹਾ ਕਿ ਮੈਂ ਤਰਨਤਾਰਨ ਦੇ ਲੋਕਾਂ ਨੂੰ ਨਵੀਆਂ ਸੜਕਾਂ ਦੇ ਨਾਲ ਨਵਾਂ ਵਿਧਾਇਕ ਦੇ ਰਿਹਾ ਹਾਂ। ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਅਤੇ ਗੌਰ ਵੀ ਕਰਨਾ। ਸੰਧੂ ਦੀ ਜਿੱਤ ਲਈ ਕੋਈ ਕਸਰ ਨਾ ਛੱਡੀ ਜਾਵੇ। ਜਦੋਂ ਵੀ ਮੈਨੂੰ ਬੁਲਾਓਗੇ, ਮੈਂ ਚੋਣ ਪ੍ਰਚਾਰ ਲਈ ਆ ਜਾਵਾਂਗਾ। ਯਾਦ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਪਹਿਲਾਂ ਹੀ ਨੁਮਾਇੰਦਾ ਐਲਾਨਿਆ ਹੋਇਆ ਹੈ। ਮੁੱਖ ਮੰਤਰੀ ਮਾਨ ਨੇ ਹਰਮੀਤ ਸਿੰਘ ਸੰਧੂ ਦੀ ਪਿੱਠ ਥਾਪੜਦਿਆਂ ਕਿਹਾ ਕਿ ਹੁਣ ਤਗੜੇ ਹੋ ਜਾਓ। ਡੇਰਾ ਬਾਬਾ ਨਾਨਕ, ਗਿੱਦੜਬਾਹਾ, ਚੱਬੇਵਾਲ, ਜਲੰਧਰ ਤੇ ਲੁਧਿਆਣਾ ਵਾਂਗ ਜ਼ਿਮਨੀ ਚੋਣ ‘ਚ ਹਰਮੀਤ ਸਿੰਘ ਸੰਧੂ ਦੀ ਜਿੱਤ ਯਕੀਨੀ ਬਣਾ ਕੇ ਆਮ ਆਦਮੀ ਪਾਰਟੀ ਨਵਾਂ ਰਿਕਾਰਡ ਬਣਾਏਗੀ।