ਚੋਹਲਾ ਸਾਹਿਬ :
ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਨੱਥੂਪੁਰ ਵਿਖੇ ਬੁੱਧਵਾਰ ਸਵੇਰੇ ਸਾਬਕਾ ਫੌਜੀ ਵਲੋਂ ਆਪਣੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦਿੱਤਾ ਗਿਆ।ਮ੍ਰਿਤਕ ਵਿਅਕਤੀ ਗੁਰਦੁਆਰਾ ਈਸ਼ਰਸਰ ਨਾਨਕਸਰ ਹਰੀਕੇ ਪੱਤਣ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।ਮਿਲੀ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਹਰਪਾਲ ਸਿੰਘ ਪਾਲਾ ਪੁੱਤਰ ਬਲਕਾਰ ਸਿੰਘ ਵਾਸੀ ਨੱਥੂਪੁਰ ਦਾ ਆਪਣੇ ਚਚੇਰੇ ਭਰਾ ਰਣਜੀਤ ਸਿੰਘ ਰਾਣਾ (38 ਸਾਲ) ਪੁੱਤਰ ਬਲੀ ਸਿੰਘ ਵਾਸੀ ਨੱਥੂਪੁਰ ਨਾਲ ਕਿਸੇ ਗੱਲ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ। ਦੋਹਾਂ ਦੇ ਆਪਸੀ ਘਰ ਵੀ ਬਿਲਕੁਲ ਕੋਲ ਹਨ।ਜਦ ਰਣਜੀਤ ਸਿੰਘ ਸਵੇਰੇ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਸਾਬਕਾ ਫੌਜੀ ਹਰਪਾਲ ਸਿੰਘ ਵਲੋਂ ਰਾਈਫ਼ਲ ਨਾਲ ਉਸਦੇ ਗੋਲੀਆਂ ਮਾਰੀਆਂ ਗਈਆਂ।ਜਿਸ ਨੂੰ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਰਣਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਬੇਟਾ ਹੈ।ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪੁੱਜੇ ਅਤੇ ਵਾਪਰੀ ਵਾਰਦਾਤ ਦਾ ਵੇਰਵਾ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।