ਤਰਨਤਾਰਨ :
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ‘ਜਾਗ੍ਰਿਤੀ ਯਾਤਰਾ’ ਆਪਣੇ 38ਵੇਂ ਦਿਨ ਵਿਚ ਪ੍ਰਵੇਸ਼ ਕਰਦਿਆਂ ਪੂਰੇ ਤਰਨਤਾਰਨ ਜ਼ਿਲ੍ਹੇ ਵਿੱਚੋਂ ਲੰਘੀ। ਇਹ ਵਿਸ਼ਾਲ ਯਾਤਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਟੀਐੱਸਐੱਚਜੇਪੀਪੀਸੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਸਥਾ, ਏਕਤਾ ਤੇ ਭਾਈਚਾਰੇ ਦੀ ਭਾਵਨਾ ਦੇ ਅਮਰ ਸੰਦੇਸ਼ ਨੂੰ ਦੇਸ਼ ਭਰ ਵਿਚ ਪ੍ਰਸਾਰਿਤ ਕਰਨਾ ਹੈ। ਇਹ ਪਹਿਲ ਪਟਨਾ ਸਾਹਿਬ, ਜੋ ਗੁਰੂ ਜੀ ਦਾ ਪਵਿੱਤਰ ਜਨਮ ਸਥਾਨ ਹੈ, ਦੀ ਇਤਿਹਾਸਕ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਪੰਜਾਬ ਵਿਚ ਨਗਰ ਕੀਰਤਨ ਦੇ ਕੋਆਰਡੀਨੇਟਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਰਣਜੀਤ ਸਿੰਘ ਰਾਣਾ, ਭਵਨ ਸਿੰਘ ਖੋਜੀ, ਬਾਬਾ ਅਮਰ ਸਿੰਘ, ਹਰਦੀਪ ਸਿੰਘ ਅਤੇ ਹੋਰਾਂ ਦੇ ਨਾਲ ਸ਼ਰਧਾ ਨਾਲ ਕੀਰਤਨ ਦੀ ਅਗਵਾਈ ਕੀਤੀ। ਗੁਰੂਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਇਕ ਰਾਤ ਦੇ ਠਹਿਰਾਅ ਤੋਂ ਬਾਅਦ ਨਗਰ ਕੀਰਤਨ ਸ਼ਨੀਵਾਰ ਨੂੰ ਤਲਵੰਡੀ ਚੌਧਰੀਆਂ ਤੇ ਹੋਰ ਰਸਤਿਆਂ ਤੋਂ ਲੰਘਦੇ ਹੋਏ ਮੁੱਖ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਤਲਵੰਡੀ ਚੌਧਰੀਆਂ, ਮੁੰਡੀ ਮੋੜ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮਿਗਲਾਣੀ, ਕੰਗ, ਬਾਠ ਰਾਂਹੀ ਤਰਨਤਾਰਨ ਸ਼ਹਿਰ ਵਿਚ ਦਾਖਲ ਹੋਇਆ। ਰਸਤੇ ਵਿਚ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿਚ ਰਾਗੀ ਜਥਿਆਂ, ਨਿਹੰਗ ਸਿੰਘਾਂ, ਗੁਰਸੇਵਾ ਨਾਲ ਜੁੜੀਆਂ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੇ ਧਾਰਮਿਕ ਝਾਕੀਆਂ ਅਤੇ ਨਿਸ਼ਾਨ ਸਾਹਿਬਾਂ ਨਾਲ ਭਗਤੀ ਤੇ ਸ਼ਰਧਾ ਦਾ ਮਨਮੋਹਕ ਦ੍ਰਿਸ਼ ਪੇਸ਼ ਕੀਤਾ। ਪੂਰੇ ਮਾਰਗ ‘ਤੇ ਸੁਰੱਖਿਆ ਅਤੇ ਪ੍ਰਬੰਧ ਦੇ ਪੁਖ਼ਤਾ ਇੰਤਜ਼ਾਮ ਪ੍ਰਸ਼ਾਸਨ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਵੱਲੋਂ ਕੀਤੇ ਗਏ। ਇਹ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪੁੱਜਾ ਜਿੱਥੇ ਪੰਜ ਪਿਆਰੇ ਸਾਹਿਬਾਨ ਅਤੇ ਪ੍ਰਬੰਧਕਾਂ ਨੇ ਮੱਥਾ ਟੇਕਿਆ। ਇਹ ਨਗਰ ਕੀਰਤਨ ਇੱਥੋਂ ਅਗਲੇ ਪੜਾਅ ਅੰਮ੍ਰਿਤਸਰ ਲਈ ਰਵਾਨਾ ਹੋਇਆ।
27 ਅਕਤੂਬਰ ਨੂੰ ਕੇਸਗੜ੍ਹ ਸਾਹਿਬ, ਫਤਹਿਗੜ੍ਹ ਸਾਹਿਬ ’ਚ ਕੀਰਤਨ ਹੋਵੇਗਾ ਸਮਾਪਤ
ਇਹ ਇਤਿਹਾਸਕ ਯਾਤਰਾ 17 ਸਤੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਤੋਂ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੱਲੋਂ ਪ੍ਰਮੁੱਖ ਸਿੱਖ ਨੇਤਾਵਾਂ ਅਤੇ ਬਿਹਾਰ ਸਰਕਾਰ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਝੰਡੀ ਦਿਖਾ ਕੇ ਸ਼ੁਰੂ ਕੀਤੀ ਗਈ ਸੀ। ਯਾਤਰਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਪੂਰੇ ਸਤਿਕਾਰ ਅਤੇ ਸ਼ਰਧਾ ਨਾਲ ਲਿਆਂਦੀਆਂ ਜਾ ਰਹੀਆਂ ਹਨ। ਹੁਣ ਤੱਕ ਇਹ ਯਾਤਰਾ 9 ਰਾਜਾਂ ਬਿਹਾਰ, ਝਾਰਖੰਡ, ਪੱਛਮ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਤੋਂ ਹੁੰਦੀ ਹੋਈ ਹੁਣ ਪੰਜਾਬ ਵਿਚ ਹੈ। ਪੰਜਾਬ ਵਿਚ ਇਹ ਪਵਿੱਤਰ ਨਗਰ ਕੀਰਤਨ ਪਟਿਆਲਾ, ਫਤਿਹਗੜ੍ਹ ਸਾਹਿਬ, ਖੰਨਾ, ਸੁਲਤਾਨਪੁਰ ਲੋਧੀ, ਜਲੰਧਰ, ਕਰਤਾਰਪੁਰ, ਲੁਧਿਆਣਾ ਅਤੇ ਨਵਾਂ ਸ਼ਹਿਰ ਵਰਗੇ ਇਤਿਹਾਸਕ ਗੁਰਦੁਆਰਿਆਂ ਅਤੇ ਸ਼ਹਿਰਾਂ ਤੋਂ ਹੁੰਦਾ ਹੋਇਆ 27 ਅਕਤੂਬਰ 2025 ਨੂੰ ਆਨੰਦਪੁਰ ਸਾਹਿਬ ਵਿਚ ਸੰਪੂਰਨ ਹੋਵੇਗਾ।

