ਜਲੰਧਰ :
ਸਿੱਖਿਆ ਵਿਭਾਗ ’ਚ ਕੰਮ ਕਰਦੇ ਕਲਰਕ ਪਿਛਲੇ ਲੰਮੇਂ ਸਮੇਂ ਤਰੱਕੀਆਂ ਨਾ ਮਿਲਣ ਦੇ ਰੋਸ ਵਜੋਂ 13 ਤੋਂ 18 ਅਕਤੂਬਰ ਤਕ ਛੁੱਟੀ ’ਤੇ ਜਾਣਗੇ। ਇਸ ਦੇ ਨਾਲ ਹੀ 19 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ’ਚ ਸਮੂਹ ਕਲੈਰੀਕਲ ਅਮਲੇ ਵੱਲੋਂ ਰੋਸ ਵਜੋਂ ਕਾਲੇ ਝੰਡੇ ਲੈ ਕੇ ਬਾਜ਼ਾਰਾਂ ’ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਤੇ ਸੂਬਾ ਜਨਰਲ ਸਕੱਤਰ ਪਵਨਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫਤਰਾਂ ਤੇ ਡਾਇਟਾਂ ’ਚ ਸੀਨੀਅਰ ਸਹਾਇਕਾਂ ਦੀਆ ਕਰੀਬ 90 ਆਸਾਮੀਆਂ ਕਾਫੀ ਸਾਲਾਂ ਤੋਂ ਖਾਲੀ ਪਈਆਂ ਹਨ। ਇਸ ਕਰਕੇ ਜ਼ਿਲ੍ਹਾ ਸਿੱਖਿਆ ਦਫਤਰਾਂ ਤੇ ਡਾਇਟਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 3-4 ਸਾਲਾਂ ਤੋਂ ਮੁਲਾਜ਼ਮਾਂ ਦੀਆਂ ਸੀਨੀਅਰ ਸਹਾਇਕ ਵਜੋਂ ਤਰੱਕੀਆਂ ਨਾ ਹੋਣ ਕਾਰਨ ਮੁਲਾਜ਼ਮ ਕਲਰਕ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਨੂੰ ਵਾਰ-ਵਾਰ ਸੀਨੀਅਰ ਸਹਾਇਕਾਂ ਦੀਆ ਤਰੱਕੀਆਂ ਕਰਨ ਲਈ ਕਿਹਾ ਗਿਆ ਸੀ।ਇਸ ਸਬੰਧੀ ਡਾਇਰੈਕਟਰ ਵੱਲੋਂ ਜਥੇਬੰਦੀ ਨਾਲ 10 ਤੇ 17 ਸਤੰਬਰ ਤੇ ਫਿਰ 3 ਅਕਤੂਬਰ ਨੂੰ ਮੀਟਿੰਗ ’ਚ ਭਰੋਸਾ ਦਿੱਤਾ ਗਿਆ ਸੀ ਕਿ 10 ਅਕਤੂਬਰ ਨੂੰ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ ਪਰ ਹਾਲੇ ਤਕ ਕੁਝ ਨਹੀਂ ਕੀਤਾ ਗਿਆ। ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਤੇ ਸੂਬਾ ਜਨਰਲ ਸਕੱਤਰ ਪਵਨਦੀਪ ਸ਼ਰਮਾ ਨੇ ਕਿਹਾ ਕਿ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਨਾ ਹੋਣ ਸੂਬੇ ਭਰ ਦੇ ਕਲਰਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਕਲਰਕ ਪਿਛਲੇ 30 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਬਿਨਾਂ ਤਰੱਕੀ ਦੇ ਹੀ ਸੇਵਾਮੁਕਤ ਹੋ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਡਾਇਰੈਕਟਰ ਨੂੰ 3 ਅਕਤੂਬਰ ਦੀ ਮੀਟਿੰਗ ਦੌਰਾਨ ਪੱਤਰ ਦੇ ਕੇ ਹੜਤਾਲ ਕਰਨ ਦਾ ਨੋਟਿਸ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਸਿੱਖਿਆ ਵਿਭਾਗ ਦੇ ਸਮੂਹ ਕਲੈਰੀਕਲ ਅਮਲਾ 3 ਤੋਂ 18 ਅਕਤੂਬਰ ਤਕ ਰੋਸ ਵਜੋਂ ਛੁੱਟੀ ’ਤੇ ਜਾ ਰਿਹਾ ਹੈ।