ਜਗਰਾਉਂ : 

ਜਗਰਾਉਂ ਦੇ ਹਰੀ ਸਿੰਘ ਹਸਪਤਾਲ ਰੋਡ ‘ਤੇ ਅੱਜ ਦਿਨ-ਦਿਹਾੜੇ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜਗਰਾਉਂ ਐਸਐਸਪੀ ਦਫ਼ਤਰ ਤੋਂ ਕੁਝ ਦੂਰੀ ‘ਤੇ ਵਾਪਰੀ। ਪ੍ਰਾਪਤ ਜਾਣਕਾਰੀਂ ਅਨੁਸਾਰ, ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਦਾ 26 ਸਾਲਾ ਨੌਜਵਾਨ ਗੱਭਰੂ ਨਾਮੀ ਖਿਡਾਰੀ ਤੇਜ਼ਪਾਲ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਖਲ ਲੈਣ ਲਈ ਜਗਰਾਉਂ ਦੇ ਹਰੀ ਸਿੰਘ ਰੋਡ ‘ਤੇ ਫੈਕਟਰੀ ਆਇਆ ਸੀ। ਜਿੱਥੇ ਉਨ੍ਹਾਂ ਦੀ ਪੁਰਾਣੀ ਰੰਜਸ ਦੇ ਚੱਲਦਿਆਂ ਪਿੰਡ ਰੂੰਮੀ ਦੇ ਨੌਜਵਾਨਾਂ ਨਾਲ ਟਾਕਰਾ ਹੋ ਗਿਆ। ਤੇਜਪਾਲ ਅਤੇ ਉਸ ਦੇ ਸਾਥੀਆਂ ਨਾਲ ਹੱਥੋਂਪਾਈ ਕਰਦਿਆਂ ਦੂਸਰੇ ਗੁੱਟ ਦੇ ਨੌਜਵਾਨਾਂ ‘ਚੋਂ ਇੱਕ ਨੇ ਤੇਜਪਾਲ ਦੀ ਛਾਤੀ ਕੋਲ ਰਿਵਾਲਵਰ ਤਾਨਦਿਆਂ ਗੋਲੀ ਮਾਰ ਦਿੱਤੀ। ਖੂਨ ਨਾਲ ਲੱਥਪਥ ਖਿਡਾਰੀ ਤੇਜਪਾਲ ਨੂੰ ਉਸ ਦੇ ਸਾਥੀ ਗੱਡੀ ਵਿੱਚ ਪਾ ਕੇ ਜਗਰਾਉਂ ਸਿਵਲ ਹਸਪਤਾਲ ਲੈ ਕੇ ਪੁੱਜੇ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਉਂ ਥਾਣਾ ਸਿਟੀ ਅਤੇ ਸੀਆਈਏ ਸਟਾਫ ਦੀ ਪੁਲਿਸ ਟੀਮਾਂ ਸਮੇਤ ਅਧਿਕਾਰੀਆਂ ਦੇ ਪੁੱਜੀਆਂ। ਟੀਮਾਂ ਨੇ ਘਟਨਾ ਦੀ ਜਾਣਕਾਰੀ ਲੈਂਦਿਆਂ ਹੀ ਗੋਲੀ ਚਲਾਉਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।

