ਜਲੰਧਰ :
ਦੀਵਾਲੀ ਨੂੰ ਸਿਰਫ਼ ਤਿੰਨ ਦਿਨ ਬਾਕੀ ਹਨ ਪਰ ਪਟਾਕਾ ਮਾਰਕੀਟ ਅਜੇ ਤਿਆਰ ਨਹੀਂ ਹੋਈ। ਸ਼ਹਿਰ ਦੇ ਬਾਜ਼ਾਰਾਂ ’ਚ ਖੁੱਲ੍ਹੇਆਮ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਰਹੇ ਹਨ। ਮਾਡਲ ਹਾਊਸ, ਕਿਸ਼ਨਪੁਰਾ, ਅਟਾਰੀ ਬਾਜ਼ਾਰ, ਭਾਰਗਵ ਕੈਂਪ, ਗੜ੍ਹਾ ਰੋਡ, ਜਲੰਧਰ ਕੈਂਟ ਦੀਪ ਨਗਰ, ਅਰਜੁਨ ਨਗਰ, ਬਸਤੀ ਸੇਖਾਂ ਵਰਗੇ ਭੀੜ-ਭਾੜ ਵਾਲੇ ਇਲਾਕਿਆਂ ’ਚ ਪਟਾਕੇ ਵੇਚੇ ਜਾ ਰਹੇ ਹਨ। ਹਰ ਸਾਲ ਦੀਵਾਲੀ ਤੋਂ 15 ਦਿਨ ਪਹਿਲਾਂ ਬਰਲਟਨ ਪਾਰਕ ’ਚ ਪਟਾਕਾ ਮਾਰਕੀਟ ਲੱਗ ਜਾਂਦੀ ਸੀ ਪਰ ਇਸ ਵਾਰ ਜਗ੍ਹਾ ਨਾ ਮਿਲਣ ਕਰ ਕੇ ਵਪਾਰੀ ਖੁਦ ਸਰਕਸ ਗਰਾਊਂਡ ’ਚ ਮਾਰਕੀਟ ਤਿਆਰ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿਉਹਾਰਾਂ ਦੌਰਾਨ ਪਟਾਕੇ ਵੇਚਣ ਲਈ ਵਪਾਰੀਆਂ ਨੂੰ 20 ਲਾਇਸੈਂਸ ਜਾਰੀ ਕੀਤੇ ਹਨ। ਫਾਇਰ ਵਰਕਸ ਐਸੋਸੀਏਸ਼ਨ ਨੇ ਲਾਇਸੈਂਸ ਵਧਾਉਣ ਦੀ ਅਪੀਲ ਹਾਈਕੋਰਟ ’ਚ ਕੀਤੀ ਹੈ, ਜਿਸ ’ਤੇ ਵੀਰਵਾਰ ਨੂੰ ਵੀ ਫੈਸਲਾ ਨਹੀਂ ਆਇਆ। ਸਰਕਸ ਗਰਾਊਂਡ ’ਚ ਪਟਾਕਾ ਮਾਰਕੀਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਾਜ਼ਾਰਾਂ ’ਚ ਵੀ ਪਟਾਕੇ ਸਟੋਰ ਕੀਤੇ ਗਏ ਹਨ। ਬਾਜ਼ਾਰਾਂ ’ਚ ਪਟਾਕੇ ਵੇਚਣ ਵਾਲੇ ਕਹਿ ਰਹੇ ਹਨ ਕਿ ਲਾਇਸੈਂਸ ਨਾ ਮਿਲਣ ਕਾਰਨ ਉਹ ਮਜਬੂਰੀ ’ਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਵੇਚ ਰਹੇ ਹਨ। ਦੀਵਾਲੀ ਤੋਂ ਕਈ ਮਹੀਨੇ ਪਹਿਲਾਂ ਹੀ ਪਟਾਕੇ ਸਟੋਰ ਕਰ ਲਏ ਜਾਂਦੇ ਹਨ। ਸ਼ਹਿਰ ਦੇ ਬਾਜ਼ਾਰਾਂ ’ਚ ਪਟਾਕੇ ਵੇਚੇ ਜਾ ਰਹੇ ਹਨ ਤੇ ਪੁਲਿਸ ਸਭ ਕੁਝ ਜਾਣ ਕੇ ਵੀ ਚੁੱਪ ਹੈ। ਅਜੇ ਤੱਕ ਕਿਸੇ ਵੀ ਪਟਾਕਾ ਸਟੋਰ ਦੀ ਪੁਲਿਸ ਨੇ ਜਾਂਚ ਨਹੀਂ ਕੀਤੀ। ਦੁਕਾਨਾਂ ਦੇ ਬਾਹਰ ਛੋਟੇ ਪਟਾਕੇ ਰੱਖੇ ਗਏ ਹਨ ਤੇ ਅੰਦਰ ਵੱਡੀ ਮਾਤਰਾ ’ਚ ਪਟਾਕੇ ਸਟੋਰ ਕੀਤੇ ਗਏ ਹਨ। ਵਿਸ਼ਵਾਸਯੋਗ ਗਾਹਕਾਂ ਨੂੰ ਹੀ ਸਟੋਰ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਵੇਚਣ ਵਾਲੇ ਬਹੁਤ ਸਾਵਧਾਨੀ ਰੱਖਦੇ ਹਨ। ਜੇ ਕਿਸੇ ਗਾਹਕ ’ਤੇ ਸ਼ੱਕ ਹੋਵੇ ਤਾਂ ਉਹ ਉਸਨੂੰ ਕਹਿ ਦਿੰਦੇ ਹਨ ਕਿ ਪਟਾਕੇ ਉਪਲਬਧ ਨਹੀਂ।
ਹਸਪਤਾਲ ਦੇ ਗਰਾਊਂਡ ’ਚ ਵੀ ਬਣ ਰਹੇ ਸ਼ੈੱਡ
ਸਰਕਸ ਗਰਾਊਂਡ ਨਾਲ ਲਗਦੇ ਨਿੱਜੀ ਹਸਪਤਾਲ ਦੀ ਖਾਲੀ ਪਈ ਜਗ੍ਹਾ ’ਤੇ ਵੀ ਵੀਰਵਾਰ ਨੂੰ ਸ਼ੈੱਡ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਕਿਹਾ ਕਿ ਸਾਰੇ ਪਟਾਕਾ ਵਪਾਰੀਆਂ ਨੇ ਇਕ ਤੋਂ ਵੱਧ ਥਾਂ ਪਟਾਖੇ ਵੇਚਣ ਲਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਬੇਨਤੀ ਕੀਤੀ ਹੈ। ਇਕ ਥਾਂ ਪਟਾਕੇ ਵੇਚਣ ਨਾਲ ਭੀੜ ਵਧੇਗੀ ਤੇ ਅਸੁਵਿਧਾ ਹੋਵੇਗੀ। ਜੇ ਇਕ ਤੋਂ ਵੱਧ ਥਾਵਾਂ ’ਤੇ ਮਾਰਕੀਟ ਲੱਗੇਗੀ ਤਾਂ ਲੋਕਾਂ ਨੂੰ ਵੀ ਸਹੂਲਤ ਰਹੇਗੀ।
ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੇ ਪਟਾਕਿਆਂ ਕਰ ਕੇ ਪਹਿਲਾਂ ਵੀ ਹੋਏ ਹਾਦਸੇ
ਸੈਂਟਰਲ ਟਾਊਨ ਨਾਲ ਲਗਦੇ ਰਿਆਜ਼ਪੁਰਾ ਦੇ ਇਕ ਘਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਸਟੋਰ ਕੀਤੇ ਪਟਾਕਿਆਂ ਕਾਰਨ ਧਮਾਕਾ ਹੋਇਆ ਸੀ, ਜਿਸ ’ਚ 18 ਸਾਲ ਦੀ ਰਾਧਿਕਾ ਦੀ ਮੌਤ ਹੋ ਗਈ ਸੀ। ਇਹ ਹਾਦਸਾ 2018 ’ਚ ਹੋਇਆ ਸੀ। ਇਸ ਧਮਾਕੇ ’ਚ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਸਨ। ਵੱਡੀ ਮਾਤਰਾ ’ਚ ਪਟਾਕੇ ਰੱਖੇ ਜਾਣ ਕਰ ਕੇ ਇਹ ਵਿਸਫੋਟ ਹੋਇਆ ਸੀ। ਇੱਥੇ ਗੈਰ-ਕਾਨੂੰਨੀ ਪਟਾਕਾ ਫੈਕਟਰੀ ਚੱਲ ਰਹੀ ਸੀ। 2019 ’ਚ ਗੁਰਦੇਵ ਨਗਰ ਦੇ ਇਕ ਘਰ ’ਚ ਵੱਡੀ ਮਾਤਰਾ ’ਚ ਪਟਾਕੇ ਸਟੋਰ ਕਰਨ ਨਾਲ ਅੱਗ ਲੱਗ ਗਈ ਸੀ। ਅੱਗ ਨਾਲ ਸਾਰਾ ਸਾਮਾਨ ਸੜ ਗਿਆ ਤੇ ਘਰ ਦੇ ਚਾਰ ਮੈਂਬਰ ਗੰਭੀਰ ਜ਼ਖ਼ਮੀ ਹੋਏ ਸਨ।
ਹਾਈਕੋਰਟ ਨੇ ਸਰਕਾਰ ਤੋਂ ਪੱਖ ਮੰਗਿਆ
ਫਾਇਰ ਵਰਕਸ ਐਸੋਸੀਏਸ਼ਨ ਜਲੰਧਰ ਵੱਲੋਂ ਪਟਾਕਾ ਲਾਇਸੈਂਸ ਵਧਾਉਣ ਦੀ ਅਪੀਲ ’ਤੇ ਹਾਈਕੋਰਟ ਨੇ ਫੈਸਲਾ ਆਪਣੇ ਕੋਲ ਰੱਖਿਆ ਹੈ। ਅਦਾਲਤ ਨੇ ਇਸ ਅਰਜ਼ੀ ’ਤੇ ਸਰਕਾਰ ਤੋਂ ਜਵਾਬ ਮੰਗਿਆ ਹੈ। ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਲੁਧਿਆਣਾ ਸਮੇਤ ਹੋਰ ਸ਼ਹਿਰਾਂ ਦੀਆਂ ਅਜਿਹੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਪਰ ਜਲੰਧਰ ਦੀ ਅਰਜ਼ੀ ’ਤੇ ਸੁਣਵਾਈ ਅੱਗੇ ਪਾਈ ਗਈ। ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਕਿਹਾ ਕਿ ਸਾਡਾ ਤਰਕ ਹੈ ਕਿ 2016 ’ਚ ਜਲੰਧਰ ਦੀ ਆਬਾਦੀ ਰਿਕਾਰਡ ’ਚ 8 ਲੱਖ ਸੀ, ਹੁਣ 2025 ’ਚ ਇਹ ਸਵਾ 12 ਲੱਖ ਹੋ ਚੁੱਕੀ ਹੈ। ਅਦਾਲਤ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ।