ਜਲੰਧਰ : 
ਦੋਮੋਰੀਆ ਪੁਲ ਦੀ ਖਸਤਾ ਹਾਲ ਨੂੰ ਸੁਧਾਰਨ ਲਈ ਤੀਜੇ ਵੀ ਦਿਨ ਰੇਲਵੇ ਵੱਲੋਂ ਸੈਂਟਰਲ ਵਰਜ ਨਾਲ ਜੁੜੇ ਮੁਰੰਮਤ ਦੇ ਕੰਮ ਨੂੰ ਜਾਰੀ ਰੱਖਿਆ ਗਿਆ। ਸਮਾਂ ਸੀਮਤ ਹੋਣ ਕਾਰਨ ਰੇਲਵੇ ਵੱਲੋਂ ਟੁਕੜਿਆਂ ’ਚ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਜਦੋਂ ਮੈਗਾ ਬਲਾਕ ਕੀਤਾ ਜਾਵੇਗਾ ਉਦੋਂ ਹੀ ਪੂਰੀ ਤਰ੍ਹਾਂ ਰੇਲਵੇ ਟਰੈਕ ਦੇ ਹੇਠਲੇ ਹਿੱਸੇ ਨੂੰ ਹਟਾ ਕੇ ਬਦਲਿਆ ਜਾਵੇਗਾ। ਉਦੋਂ ਤੱਕ ਦੋਮੋਰੀਆ ਪੁਲ਼ ਦਾ ਰਸਤਾ ਬੰਦ ਹੀ ਰਹੇਗਾ। ਉਥੇ ਵਾਹਨ ਚਾਲਕਾਂ ਨੂੰ ਇਸ ਕਾਰਨ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ ਤੇ ਉਹ ਆਸਾਨੀ ਨਾਲ ਫਲਾਈਓਵਰ ਦੀ ਵਰਤੋਂ ਕਰ ਕੇ ਦੂਜੇ ਪਾਸੇ ਆ-ਜਾ ਰਹੇ ਹਨ। ਦੂਜੇ ਪਾਸੇ ਰੇਲ ਗੱਡੀਆਂ ਦੀ ਲੇਟ ਲਤੀਫੀ ਕਾਰਨ ਯਾਤਰੀਆਂ ਦੀਆਂ ਪਰੇਸ਼ਾਨੀਆਂ ਵਧ ਰਹੀਆਂ, ਕਿਉਂਕਿ ਕਈ ਰੇਲ ਗੱਡੀਆਂ ਆਪਣੇ ਤੈਅ ਸਮੇਂ ਤੋਂ ਅੱਧੇ ਘੰਟੇ ਤੋਂ ਲੈ ਕੇ ਪੰਜ ਘੰਟੇ ਤੱਕ ਦੇਰੀ ਨਾਲ ਪੁੱਜੀਆਂ। ਇਸ ਕਾਰਨ ਪੂਰਾ ਦਿਨ ਯਾਤਰੀ ਰੇਲ ਗੱਡੀਆਂ ਦੀ ਉਡੀਕ ’ਚ ਬੈਠੇ ਰਹੇ। ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ’ਚ ਜਨਨਾਇਕ ਐਕਸਪ੍ਰੈੱਸ ਪੰਜ ਘੰਟੇ, ਅੰਡੇਮਾਨ ਐਕਸਪ੍ਰੈੱਸ ਸਾਢੇ ਚਾਰ ਘੰਟੇ, ਜਨਸਾਧਾਰਣ ਐਕਸਪ੍ਰੈੱਸ ਪੌਣੇ ਚਾਰ ਘੰਟੇ, ਜੇਹਲਮ ਐਕਸਪ੍ਰੈੱਸ ਸਵਾ ਤਿੰਨ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ ਤਿੰਨ ਘੰਟੇ, ਮਾਲਵਾ ਸੁਪਰਫਾਸਟ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਅਮਰਦਾਸ ਐਕਸਪ੍ਰੈੱਸ, ਆਮਰਪਾਲੀ ਐਕਸਪ੍ਰੈੱਸ ਦੋ ਘੰਟੇ, ਸੰਭਲਪੁਰ ਐਕਸਪ੍ਰੈੱਸ ਪੌਣੇ ਦੋ ਘੰਟੇ, ਜਨਸੇਵਾ ਐਕਸਪ੍ਰੈੱਸ, ਹੀਰਾਕੁੰਡ ਐਕਸਪ੍ਰੈੱਸ ਡੇਢ ਘੰਟਾ, ਅੰਮ੍ਰਿਤਸਰ ਫੈਸਟੀਵਲ ਸਪੈਸ਼ਲ ਸਵਾ ਇਕ ਘੰਟਾ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਇਕ ਘੰਟਾ, ਸਰਬਤ ਦਾ ਭਲਾ ਐਕਸਪ੍ਰੈੱਸ, ਅੰਮ੍ਰਿਤਸਰ ਐਕਸਪ੍ਰੈੱਸ, ਸਚਖੰਡ ਐਕਸਪ੍ਰੈੱਸ, ਇੰਦੌਰ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।

