ਬੀੜ ਸਾਹਿਬ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪੰਜਵੀਂ ਵਾਰ ਮੁੜ ਚੋਣ ਨੂੰ ਖਾਲਸਾ ਪੰਥ ਦੀ ਕੇਂਦਰੀ ਤਾਕਤਾਂ ’ਤੇ ਵੱਡੀ ਜਿੱਤ ਕਰਾਰ ਦਿੱਤਾ ਹੈ। ਇਥੇ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੁਝ ਆਗੂਆਂ ਨੇ ਕੇਂਦਰੀ ਏਜੰਸੀਆਂ ਨਾਲ ਰਲ ਕੇ ਆਪਣੀਆਂ ਕਠਪੁਤਲੀਆਂ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਦੇ ਸਿਰਤੋੜ ਯਤਨ ਕੀਤੇ। ਉਹ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵਧਾਈ ਦਿੰਦੇ ਹਨ ਜਿਨ੍ਹਾਂ ਨੇ ਇਸ ਸਾਜ਼ਿਸ਼ ਨੂੰ ਮਾਤ ਪਾਈ ਅਤੇ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਦੀਆਂ ਚੋਣਾਂ ਵਿਚ ਐਡਵੋਕੇਟ ਧਾਮੀ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਪਿੰਡ ਚਾਹਲ ਵਿਚ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ’ਚ ਪੰਜਾਬ ਵਿਚ ਪੂਰੀ ਤਰ੍ਹਾਂ ਕਾਨੂੰਨ ਹੀਣਤਾ ਬਣ ਗਈ ਹੈ। ਰੋਜ਼ਾਨਾ ਮਿਥ ਕੇ ਕਤਲ ਕੀਤੇ ਜਾ ਰਹੇ ਹਨ। ਭਾਵੇਂ ਜਗਰਾਓਂ ’ਚ ਕਬੱਡੀ ਖਿਡਾਰੀ ਦਾ ਕਤਲ ਹੋਵੇ ਜਾਂ ਫਿਰ ਬਟਾਲਾ ’ਚ ਗੈਂਗਸਟਰਾਂ ਵੱਲੋਂ ਨੌਜਵਾਨ ਦਾ ਕਤਲ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿਚ ਆਪਣੀ ਮਨਮਰਜ਼ੀ ਨਾਲ ਕਤਲਾਂ ’ਤੇ ਲੱਗੇ ਗੈਂਗਸਟਰਾਂ ਨੂੰ ਰੋਕਣ ਵਾਸਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪਿਛਲੇ ਚਾਰ ਸਾਲਾਂ ’ਚ ਪੰਜਾਬੀਆਂ ਵਾਸਤੇ ਕੀਤੇ ਕਿਸੇ ਵੀ ਇਕ ਕੰਮ ਨੂੰ ਗਿਣਾ ਦੇਣ ਤੇ ਜਦੋਂ ਉਹ ਇਹ ਸਵਾਲ ਪੁੱਛਦੇ ਹਨ ਤਾਂ ਭਗਵੰਤ ਮਾਨ ਖਿੱਝ ਜਾਂਦਾ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਤੇ ਵਪਾਰੀਆਂ ਵਾਸਤੇ ਕੀ ਕੀਤਾ ਹੈ। ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਸਖ਼ਤ ਮਿਹਨਤੀ ਮਜ਼ਹਬੀ ਭਾਈਚਾਰੇ ਦਾ ਅਪਮਾਨ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਅੱਗੇ ਕਿਹਾ ਰਾਜਾ ਵੜਿੰਗ ਦੀਆਂ ਭਾਈਚਾਰੇ ਖ਼ਿਲਾਫ਼ ਭੜਕਾਊ ਤੇ ਅਪਮਾਨ ਕਰਨ ਵਾਲੀਆਂ ਟਿੱਪਣੀਆਂ ਤੋਂ ਉਨ੍ਹਾਂ ਦੀ ਜਗੀਰਦਾਰੀ ਸੋਚ ਝਲਕਦੀ ਹੈ ਤੇ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੇ ਮਨ ’ਚ ਦੱਬੇ ਕੁਚਲਿਆਂ ਦਾ ਕੋਈ ਸਤਿਕਾਰ ਨਹੀਂ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਲਸ, ਸੋਹਲ, ਝਬਾਲ ਖਾਮ ਤੇ ਝਬਾਲ ਪੁਖ਼ਤਾ ਸਮੇਤ ਅਨੇਕਾਂ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨਾਲ ਸਿਕੰਦਰ ਸਿੰਘ ਮਲੂਕਾ, ਐੱਨਕੇ ਸ਼ਰਮਾ, ਲਖਬੀਰ ਸਿੰਘ ਲੋਧੀਨੰਗਲ, ਡਾ. ਦਲਜੀਤ ਚੀਮਾ, ਸਤਨਾਮ ਸਿੰਘ ਰਾਹੀ, ਨਾਥ ਹਮੀਦੀ, ਸੁਰਜੀਤ ਸਿੰਘ ਗੜ੍ਹੀ, ਭੁਪਿੰਦਰ ਸਿੰਘ ਭਿੰਦਾ ਅਤੇ ਰਣਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।

