ਲੋਕਾਂ ਨੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ’ਤੇ ਲਾਇਆ ਧਰਨਾ
ਫ਼ਿਰੋਜ਼ਪੁਰ –
ਲੱਖੋ ਕੇ ਬਹਿਰਾਮ ਪਿੰਡ ਵਿਚ ਇੱਕ ਹੋਰ ਦਰਦ ਭਰਿਆ ਭਾਣਾ ਉਸ ਵੇਲੇ ਵਾਪਰਿਆ ਜਦੋ ਇੱਕੋ ਦਿਨ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਰਣਜੀਤ ਸਿੰਘ (ਪੁੱਤਰ ਦੇਸਾ ਸਿੰਘ, ਉਮਰ 30 ਸਾਲ), ਮਹਿਲ ਸਿੰਘ (ਪੁੱਤਰ ਮੁਖਤਿਆਰ ਸਿੰਘ, ਉਮਰ 30 ਸਾਲ) ਅਤੇ ਰਾਜਨ ਸਿੰਘ (ਪੁੱਤਰ ਬਚਿੱਤਰ ਸਿੰਘ) ਵਜੋਂ ਹੋਈ ਹੈ — ਤਿੰਨੇ ਹੀ ਲੱਖੋ ਕੇ ਬਹਿਰਾਮ ਪਿੰਡ ਦੇ ਰਹਿਣ ਵਾਲੇ ਸਨ। ਸਥਾਨਕ ਲੋਕਾਂ ਨੇ, ਸਖਦੇਵ ਸਿੰਘ ਦੀ ਅਗਵਾਈ ਹੇਠ, ਫਿਰੋਜ਼ਪੁਰ-ਫ਼ਾਜ਼ਿਲਕਾ ਰੋਡ ਦੇ ਅੱਡਾ ਲੱਖੋਕੇ ਬਹਿਰਾਮ ’ਤੇ ਧਰਨਾ ਲਗਾ ਦਿੱਤਾ। ਧਰਨਾ ਦੇ ਦੌਰਾਨ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਪ੍ਰਗਟਾਇਆ ਤੇ ਮੰਗ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਮੈਡੀਕਲ ਸਟੋਰਾਂ ਨੂੰ ਜਾਂ ਤਾਂ ਤੁਰੰਤ ਬੰਦ ਕੀਤਾ ਜਾਵੇ ਜਾਂ ਉਨ੍ਹਾਂ ’ਤੇ ਸਖ਼ਤ ਨਿਗਰਾਨੀ ਹੋਵੇ। ਉਨ੍ਹਾਂ ਦਾ ਦੋਸ਼ ਸੀ ਕਿ ਇਹ ਮੈਡੀਕਲ ਸਟੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿੱਚ ਸ਼ਾਮਿਲ ਹਨ।