ਜਲੰਧਰ ਮੇਜਰ ਟਾਮਜ਼ ਬਿਉਰੋ
ਖਰਾਬ ਮੌਸਮ ਕਾਰਨ 13 ਦਿਨਾਂ ਬਾਅਦ ਸੋਮਵਾਰ ਨੂੰ ਪ੍ਰਾਈਵੇਟ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਗਏ, ਜਦੋਂ ਕਿ ਸਰਕਾਰੀ ਸਕੂਲਾਂ ’ਚ ਸਿਰਫ਼ ਅਧਿਆਪਕਾਂ ਨੂੰ ਬੁਲਾਇਆ ਗਿਆ ਸੀ, ਤਾਂ ਜੋ ਉਹ ਸਾਰੇ ਸਕੂਲਾਂ ਦੀ ਹਾਲਤ ਦੇਖ ਸਕਣ ਤੇ ਉਸ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਬੁਲਾਇਆ ਜਾ ਸਕੇ। ਪਹਿਲੇ ਦਿਨ ਦੀ ਰਿਪੋਰਟ ਅਨੁਸਾਰ 41 ਸਕੂਲਾਂ ਨੂੰ ਛੱਡ ਕੇ ਜ਼ਿਲ੍ਹੇ ਦੇ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਦੇ ਸਾਰੇ ਸਕੂਲ ਵਿਦਿਆਰਥੀਆਂ ਲਈ ਖੋਲ੍ਹੇ ਜਾਣਗੇ ਕਿਉਂਕਿ ਕੁਝ ਸਕੂਲਾਂ ’ਚ ਰਾਹਤ ਕੈਂਪ ਲਗਾਏ ਗਏ ਹਨ ਤੇ ਕੁਝ ਸਕੂਲਾਂ ਦੇ ਕਮਰਿਆਂ ਦੀਆਂ ਕੰਧਾਂ ’ਚ ਤਰੇੜਾਂ ਦਿਖਾਈ ਦੇ ਰਹੀਆਂ ਹਨ। ਬਸਤੀ ਪੀਰਦਾਦ ਸਕੂਲ ਦੀ ਇਮਾਰਤ ’ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਹੇਠਾਂ ਚੱਲਦਾ ਹੈ ਤੇ ਇਕ ਮਿਡਲ ਸਕੂਲ ਉੱਪਰ ਪਹਿਲੀ ਮੰਜ਼ਿਲ ’ਤੇ ਚੱਲਦਾ ਹੈ, ਜਿਸ ਨੂੰ ਪਹਿਲਾਂ ਹੀ ਅਸੁਰੱਖਿਅਤ ਘੋਸ਼ਿਤ ਕੀਤਾ ਜਾ ਚੁੱਕਾ ਹੈ ਤੇ 3 ਸਤੰਬਰ ਨੂੰ ਭਾਰੀ ਮੀਂਹ ਕਾਰਨ ਨਾਨਕਸ਼ਾਹੀ ਇੱਟਾਂ ਨਾਲ ਬਣੀ ਕੰਧ ਦਾ ਇਕ ਹਿੱਸਾ ਸਕੂਲ ਦੇ ਅਹਾਤੇ ’ਚ ਹੀ ਡਿੱਗ ਗਿਆ ਹੈ। ਦਰਅਸਲ, ਸਕੂਲ ਦੀ ਇਮਾਰਤ ’ਚ ਪਹਿਲਾਂ ਹੀ ਤਰੇੜਾਂ ਸਨ ਤੇ ਹੁਣ ਉਹ ਤਰੇੜਾਂ ਪਹਿਲਾਂ ਨਾਲੋਂ ਵੱਡੀਆਂ ਹੋ ਗਈਆਂ ਹਨ। ਇਸੇ ਤਰ੍ਹਾਂ ਪੀਐੱਮਸ੍ਰੀ ਨਕੋਦਰ, ਸਕੂਲ ਆਫ਼ ਐਮੀਨੈਂਸ ਕਰਤਾਰਪੁਰ, ਮਿਡਲ ਸਕੂਲ ਫਤਿਹ ਜਲਾਲ ਕਰਤਾਰਪੁਰ, ਸਰਕਾਰੀ ਸਕੂਲ ਨਾਨਕ ਪਿੰਡ, ਸਰਕਾਰੀ ਸਕੂਲ ਲਿੱਧੜਾਂ ਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀਆਂ ਛੱਤਾਂ ਤੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ ਤੇ ਤਰੇੜਾਂ ਵੀ ਆ ਗਈਆਂ ਹਨ। ਜਿਸ ਕਾਰਨ ਇਹ ਸਕੂਲ ਫਿਲਹਾਲ ਨਹੀਂ ਖੋਲ੍ਹੇ ਜਾ ਰਹੇ ਹਨ, ਜਦੋਂ ਕਿ ਸਰਕਾਰੀ ਸਕੂਲ ਗੋਹੀਰ, ਮਿਡਲ ਸਕੂਲ ਮੁੰਧ, ਭੋਪਾਰਾਇ ਕਲਾਂ, ਸਰਕਾਰੀ ਹਾਈ ਸਕੂਲ ਮਾਓ ਸਾਹਿਬ ਰਾਹਤ ਕੈਂਪ ਚੱਲ ਰਹੇ ਹੋਣ ਕਾਰਨ ਅਗਲੇ ਹੁਕਮਾਂ ਅਨੁਸਾਰ ਬੰਦ ਰਹਿਣਗੇ। ਜਿਸ ਸਬੰਧੀ ਡੀਸੀ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਹੜ੍ਹ ਦੀ ਸਥਿਤੀ ਤੇ ਭਾਰੀ ਬਾਰਿਸ਼ ਦੇ ਮੱਦੇਨਜ਼ਰ ਨਗਰ ਜ਼ਿਲ੍ਹੇ ਦੇ ਸਾਰੇ ਸਕੂਲ 26 ਅਗਸਤ ਤੋਂ ਬੰਦ ਕਰ ਦਿੱਤੇ ਗਏ ਸਨ। ਪੰਜਾਬੀ ਜਾਗਰਣ ਨੇ 10 ਦਿਨਾ ਲੜੀ ਕਿੰਨੇ ਸੁਰੱਖਿਅਤ ਹਨ ਸਕੂਲ ’ਚ ਉਠਾਇਆ ਇਹ ਮੁੱਦਾ ਪੰਜਾਬੀ ਜਾਗਰਣ ਨੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਕਿੰਨੇ ਸੁਰੱਖਿਅਤ ਹਨ ਸਕੂਲ’ ਲੜੀ ਚਲਾਈ ਸੀ। 31 ਜੁਲਾਈ ਤੋਂ ਦਸ ਦਿਨਾਂ ਲਈ ਚਲਾਈ ਗਈ ਇਸ ਲੜੀ ਨੇ ਸਕੂਲਾਂ ’ਚ ਤਰੇੜਾਂ ਤੇ ਖਸਤਾਹਾਲ ਸਕੂਲਾਂ ਦੀ ਹਾਲਤ ਦਾ ਗੰਭੀਰ ਮੁੱਦਾ ਉਠਾਇਆ ਸੀ ਪਰ ਹੁਣ ਤੱਕ ਸਿੱਖਿਆ ਵਿਭਾਗ ਵੱਲੋਂ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਕੋਈ ਯਤਨ ਕੀਤਾ ਗਿਆ ਪਰ ਸ਼ੁਕਰ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਸਕੂਲ ਬੰਦ ਸਨ, ਨਹੀਂ ਤਾਂ ਕਿਤੇ ਵੀ ਕੋਈ ਘਟਨਾ ਵਾਪਰ ਸਕਦੀ ਸੀ। ਕਿਉਂਕਿ ਬਸਤੀ ਪੀਰਦਾਦ ਸਕੂਲ ਦੀ ਖਸਤਾ ਹਾਲ ਕੰਧ ਡਿੱਗ ਗਈ ਹੈ, ਬੱਚੇ ਇਸਦੇ ਆਲੇ-ਦੁਆਲੇ ਖੇਡਦੇ ਸਨ। ਹੁਣ ਸਕੂਲ ਨੂੰ ਕੰਧ ਦੁਆਲੇ ਰੱਸੀ ਬੰਨ੍ਹ ਕੇ ਬੰਦ ਕਰ ਦਿੱਤਾ ਗਿਆ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ… ਇਸ ਕੰਧ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਣਾ ਚਾਹੀਦਾ ਹੈ ਤੇ ਸਕੂਲ ਦੀ ਹਾਲਤ ਸੁਧਾਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਵੇਲੇ ਸੋਮਵਾਰ ਨੂੰ ਪਹਿਲੇ ਦਿਨ ਸਕੂਲਾਂ ’ਚ ਸਫਾਈ ਤੇ ਫੌਗਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਗੁਰਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਸਕੂਲਾਂ ਦੀ ਰਿਪੋਰਟ ਤਿਆਰ ਕਰਕੇ ਡੀਸੀ ਨੂੰ ਦੇ ਦਿੱਤੀ ਗਈ ਹੈ। ਜਿਨ੍ਹਾਂ ਸਕੂਲਾਂ ’ਚ ਤਰੇੜਾਂ ਹਨ, ਅਸੁਰੱਖਿਅਤ ਕਮਰੇ ਹਨ ਜਾਂ ਛੱਤਾਂ ਤੋਂ ਪਾਣੀ ਲੀਕ ਹੋ ਰਿਹਾ ਹੈ, ਉਹ ਦੋ ਦਿਨਾਂ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲ ’ਚ ਰਾਹਤ ਕੈਂਪ ਲਗਾਏ ਗਏ ਹਨ, ਉਹ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਮੰਗਲਵਾਰ ਤੋਂ ਹੋਰ ਸਾਰੇ ਸਕੂਲ ਖੁੱਲ੍ਹ ਰਹੇ ਹਨ। ਉਨ੍ਹਾਂ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਆਮ ਵਾਂਗ ਸ਼ੁਰੂ ਹੋ ਜਾਵੇਗੀ।
ਅੱਜ ਤੇ ਕੱਲ੍ਹ ਬੰਦ ਰਹਿਣਗੇ ਜ਼ਿਲ੍ਹੇ ਦੇ 41 ਸਕੂਲ ਡਿਪਟੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ 41 ਸਕੂਲਾਂ ’ਚ 9 ਤੇ 10 ਸਤੰਬਰ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਆਦੇਸ਼ਾਂ ’ਚ ਕਿਹਾ ਗਿਆ ਹੈ ਕਿ ਉਕਤ ਸਕੂਲਾਂ ਦੀ ਹਾਲਤ ਬੱਚਿਆ ਦੇ ਬੈਠਣ ਯੋਗ ਨਾ ਹੋਣ ਕਰ ਕੇ ਇਨ੍ਹਾਂ ਸਕੂਲਾਂ ਨੂੰ ਹਾਲੇ ਦੋ ਦਿਨ ਹੋਰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਉਕਤ ਸਕੂਲਾਂ ’ਚ ਦੋ ਦਿਨ ਛੁੱਟੀ ਰੱਖਣ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਦਿੱਤੀਆ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ ’ਚ ਸਰਕਾਰੀ ਮਿਡਲ ਸਕੂਲ ਫਤਿਹ ਜਲਾਲ, ਸਕੂਲ ਆਫ ਐਮੀਨੈਂਸ ਕਰਤਾਰਪੁਰ, ਸਰਕਾਰੀ ਹਾਈ ਸਕੂਲ ਲਿੱਧੜਾ, ਸਰਕਾਰੀ ਮਿਡਲ ਸਕੂਲ ਨਾਨਕਪਿੰਡੀ, ਸਰਕਾਰੀ ਹਾਈ ਸਕੂਲ ਬੋਪਾਰਾਏ ਕਲਾਂ, ਸਰਕਾਰੀ ਹਾਈ ਸਕੂਲ ਮੁੰਧ, ਸਰਕਾਰੀ ਹਾਈ ਸਕੂਲ ਗੋਹੀਰ, ਸਰਕਾਰੀ ਹਾਈ ਸਕੂਲ ਮਾਓ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਵੱਡਾ ਹਰੀਪੁਰ ਸ਼ਾਹਕੋਟ-2, ਲੋਹੀਆ ਖਾਸ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਕੰਗ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਜੱਕੋਪੁਰ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ, ਸਰਕਾਰੀ ਪ੍ਰਾਇਮਰੀ ਸਕੂਲ ਚੱਕ ਪਿੱਪਲੀ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਏਪੁਰ, ਸਰਕਾਰੀ ਪ੍ਰਾਇਮਰੀ ਸਕੂਲ ਰਾਈਵਾਲ ਬੇਟ, ਸਰਕਾਰੀ ਪ੍ਰਾਇਮਰੀ ਸਕੂਲ ਕੰਗ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਸਿੱਧੂਪੁਰ, ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਪਿੰਡ ਖਾਲੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਕੋਠਾ, ਸਰਕਾਰੀ ਪ੍ਰਾਇਮਰੀ ਸਕੂਲ ਖੋਸਾ, ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਸਰਦਾਰ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਮਹਿਰਾਜਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਜਾਨੀਆ ਚਾਹਲ, ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਕਾਸੂ, ਸਰਕਾਰੀ ਪ੍ਰਾਇਮਰੀ ਸਕੂਲ ਜਮਸ਼ੇਰ, ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਗੜ੍ਹੀ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਸ਼ਹਿਰੀਆਂ, ਸਰਕਾਰੀ ਪ੍ਰਾਇਮਰੀ ਸਕੂਲ ਚੱਕ ਵਡਾਲਾ, ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲਾ ਛੰਨਾਂ, ਸਰਕਾਰੀ ਪ੍ਰਾਇਮਰੀ ਸਕੂਲ ਧੱਕਾ ਬਸਤੀ ਸ਼ਾਮਲ ਹਨ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮੁੰਧ ਨਕੋਦਰ 2, ਸਰਕਾਰੀ ਪ੍ਰਾਇਮਰੀ ਸਕੂਲ ਬੰਬੀਆਂਵਾਲਾ ਈਸਟ 4, ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹਾ (ਸ਼ਾਮ) ਈਸਟ 4, ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹਾ (ਸਵੇਰ) ਈਸਟ 4, ਸਰਕਾਰੀ ਪ੍ਰਾਇਮਰੀ ਸਕੂਲ ਨਾਨਕਪਿੰਡੀ ਈਸਟ 4, ਸਰਕਾਰੀ ਪ੍ਰਾਇਮਰੀ ਸਕੂਲ ਸਿੱਧੜ, ਸ਼ਾਹਕੋਟ-1, ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰਦਾਦ ਵੈਸਟ-2 ਸ਼ਾਮਲ ਹਨ।
ਨਹੀਂ ਖੁਲਣਗੇ ਜ਼ਿਲੇ ਦੇ 41 ਸਕੂਲ, ਬਸਤੀ ਪੀਰਦਾਦ ਸਕੂਲ ਦੇ ਖੰਡਰ ਹਿੱਸੇ ਦੀ ਕੰਧ ਡਿੱਗੀ,

Leave a Comment