ਜਲੰਧਰ :
ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਸ਼ੁੱਕਰਵਾਰ ਨੂੰ ਡੀਸੀ ਦਫ਼ਤਰ ਵਿਚ ਹੋਈ ਸਾਂਝੀ ਮੀਟਿੰਗ ਦੌਰਾਨ ਨਾਨ ਕੰਸਟਰਕਸ਼ਨ ਚਾਰਜਿਸ ਦੀ ਮੁੜ ਵਸੂਲੀ ਤੇ ਐਨਹਾਂਸਮੈਂਟ ਦੀ ਵਾਧੂ ਰਕਮ ਵਸੂਲਣ ਦਾ ਮਾਮਲੇ ਚੁੱਕਿਆ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਸੂਰਿਆ ਐਨਕਲੇਵ ਵਿਚ ਦੂਜੀ ਵਾਰ ਨਾਨ ਕੰਸਟਰਕਸ਼ਨ ਫੀਸ ਵਸੂਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਕੋਹਲੀ ਦੇ ਨਾਲ ਵੱਖ-ਵੱਖ ਮਸਲਿਆਂ ’ਤੇ ਗੱਲਬਾਤ ਲਈ ਪੁੱਜੇ ਸੁਸਾਇਟੀ ਦੇ ਵਫਦ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ ਨੂੰ ਕਿਹਾ ਕਿ ਟਰੱਸਟ ਸਾਲ 2016–2021 ਦੀ ਨਾਨ ਕੰਸਟਰਕਸ਼ਨ ਫੀਸ ਪਹਿਲਾਂ ਹੀ ਵਸੂਲ ਚੁੱਕਾ ਹੈ, ਇਸ ਲਈ ਫੀਸ ਦੋਬਾਰਾ ਲੈਣਾ ਅਣਉਚਿਤ ਹੈ। ਸੁਸਾਇਟੀ ਨੇ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਚਾਰਜਾਂ ਦੀ ਅਦਾਇਗੀ ਪਹਿਲਾਂ ਹੀ ਹੋ ਚੁੱਕੀ ਹੈ, ਉਨ੍ਹਾਂ ’ਤੇ ਮੁੜ ਵਿਆਜ ਕਿਉਂ ਲਿਆ ਜਾ ਰਿਹਾ ਹੈ। ਇਹ ਟਰੱਸਟ ਦੀ ਪ੍ਰਸ਼ਾਸਕੀ ਲਾਪਰਵਾਹੀ ਦਾ ਬੋਝ ਉਥੋਂ ਦੇ ਵਸਨੀਕਾਂ ’ਤੇ ਪਾਉਣ ਦੇ ਬਰਾਬਰ ਹੈ। ਸੁਸਾਇਟੀ ਦੇ ਪ੍ਰਧਾਨ ਰਾਜੀਵ ਧਮੀਜਾ, ਸੇਵਾਮੁਕਤ ਕਰਨਲ ਵੀਕੇ ਸ਼ਰਮਾ, ਸਮਾਜ ਸੇਵਕ ਪਵਨ ਸੇਤੀਆ, ਗੁਲਸ਼ਨ ਅਗਰਵਾਲ ਤੇ ਰਾਹੁਲ ਟੰਡਨ ਨੇ ਕਿਹਾ ਕਿ ਲੈਂਡ ਐਨਹਾਂਸਮੈਂਟ ਚਾਰਜਿਸ ਦੀ ਵਸੂਲੀ ਵੀ ਬੇਹੱਦ ਜ਼ਿਆਦਾ ਕੀਤੀ ਜਾ ਰਹੀ ਹੈ। ਸੂਰਿਆ ਐਨਕਲੇਵ ਵਿਚ ਟਰੱਸਟ ਨੇ 1.10 ਲੱਖ ਰੁਪਏ ਪ੍ਰਤੀ ਮਰਲਾ ਰੇਟ ਤਹਿ ਕੀਤਾ ਹੈ ਅਤੇ 15 ਫੀਸਦੀ ਵਿਆਜ ਵੀ ਵਸੂਲ ਰਿਹਾ ਹੈ, ਜੋ ਹੋਰ ਟਰੱਸਟਾਂ ਨਾਲੋਂ ਵੱਧ ਹੈ। ਪੰਜਾਬ ਸਰਕਾਰ ਦੀ 12 ਨਵੰਬਰ 2021 ਦੀ ਨੋਟੀਫਿਕੇਸ਼ਨ ਵਿਚ 7.5 ਫੀਸਦੀ ਵਿਆਜ ਦੀ ਦਰ ਨਿਰਧਾਰਤ ਕੀਤੀ ਹੋਈ ਹੈ। ਇਸ ਤੋਂ ਇਲਾਵਾ 2008–2024 ਤੱਕ ਨਾਨ ਕੰਸਟਰਕਸ਼ਨ ਫੀਸ ਜਮ੍ਹਾਂ ਕਰਵਾ ਚੁੱਕੇ ਲੋਕਾਂ ਨੂੰ ਮੁੜ ਫੀਸ ਦੇਣ ਲਈ ਕਿਹਾ ਜਾ ਰਿਹਾ ਹੈ। ਜਿਨ੍ਹਾਂ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਸੀ, ਉਨ੍ਹਾਂ ਤੋਂ 2016 ਤੋਂ ਮੁੜ ਫੀਸ ਵਸੂਲ ਕੀਤੀ ਜਾ ਰਹੀ ਹੈ। ਪ੍ਰਧਾਨ ਰਾਜੀਵ ਧਮੀਜਾ ਨੇ ਦੋਸ਼ ਲਾਇਆ ਕਿ ਇਹ ਟਰੱਸਟ ਅਧਿਕਾਰੀਆਂ ਦੀਆਂ ਪੁਰਾਣੀਆਂ ਗਲਤੀਆਂ ਕਾਰਨ ਮਨਮਰਜ਼ੀ ਨਾਲ ਵਸੂਲੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫੀਸ ਵਸੂਲਣ ਲਈ ਜੋ ਫਾਰਮੂਲਾ ਲਾਇਆ ਜਾ ਰਿਹਾ ਹੈ, ਉਹ ਵੀ ਗਲਤ ਹੈ। ਟਰੱਸਟ ਨੂੰ 2016 ਤੋਂ 2022 ਤੱਕ ਸਰਕਾਰੀ ਡੀਸੀ ਰੇਟ ਨਾਂ ਤਹਿ ਹੋਣ ’ਤੇ ਸਰਕਾਰੀ ਹੁਕਮਾਂ ਅਨੁਸਾਰ ਕੈਲਕੁਲੇਸ਼ਨ ਕਰਨੀ ਚਾਹੀਦੀ ਸੀ ਪਰ ਟਰੱਸਟ ਆਪਣਾ ਮਨਘੜਤ ਫਾਰਮੂਲਾ ਲਾਗੂ ਕਰ ਰਿਹਾ ਹੈ, ਜੋ ਕਾਨੂੰਨੀ ਤੌਰ ਤੇ ਗਲਤ ਹੈ। ਪ੍ਰਧਾਨ ਰਾਜੀਵ ਧਮੀਜਾ ਨੇ ਇਹ ਵੀ ਕਿਹਾ ਕਿ ਇੰਪ੍ਰੂਵਮੈਂਟ ਟਰਸਟ ਨੋ ਆਬਜੈਕਸ਼ਨ ਸਰਟੀਫਿਕੇਟ ਅਤੇ ਨੋ ਡਿਊ ਸਰਟੀਫਿਕੇਟ ਜਾਰੀ ਕਰਦੇ ਸਮੇਂ ਆਪਣੀ ਜ਼ਿੰਮੇਵਾਰੀ ਤੋਂ ਬਚਦਾ ਹੈ। ਟਰੱਸਟ 5 ਹਜ਼ਾਰ ਰੁਪਏ ਫੀਸ ਲੈ ਕੇ ਐੱਨਓਸੀ/ਐੱਨਡੀਸੀ ਤਾਂ ਜਾਰੀ ਕਰ ਦਿੰਦਾ ਹੈ ਪਰ ਇਸ ਨਾਲ ਇਹ ਸ਼ਰਤ ਜੋੜ ਦਿੰਦਾ ਹੈ ਕਿ ਅਗਲੇ ਕਿਸੇ ਵੀ ਸਮੇਂ ਕੋਈ ਬਕਾਇਆ ਨਿਕਲਿਆ ਤਾਂ ਮਾਲਕ ਖੁਦ ਜ਼ਿੰਮੇਵਾਰ ਹੋਵੇਗਾ। ਇਹ ਉਥੋਂ ਦੇ ਵਸਨੀਕਾਂ ਨਾਲ ਨਾਇਨਸਾਫ਼ੀ ਹੈ ਅਤੇ ਜ਼ਿੰਮੇਵਾਰੀ ਤੋਂ ਭੱਜਣ ਦਾ ਤਰੀਕਾ ਹੈ। — ਨਾਨ ਕੰਸਟਰਕਸ਼ਨ ਚਾਰਜਿਸ ਦੀ ਦੋਬਾਰਾ ਵਸੂਲੀ ’ਤੇ ਰੋਕ ਦੀ ਮੰਗ ‘ਆਪ’ ਆਗੂ ਨਿਤਿਨ ਕੋਹਲੀ ਦੀ ਮੌਜੂਦਗੀ ਵਿਚ ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਮੰਗ ਕੀਤੀ ਕਿ ਇੱਕ ਕਮੇਟੀ ਬਣਾਈ ਜਾਵੇ ਜੋ ਸਾਰੇ ਐਨਹਾਂਸਮੈਂਟ ਚਾਰਜਿਸ ਦੀ ਮੁੜ ਸਮੀਖਿਆ ਕਰਕੇ ਵਿਆਜ ਦੀ ਸਹੀ ਦਰ ਤਹਿ ਕਰੇ। ਸਾਰੇ ਫੈਸਲੇ ਸਰਕਾਰੀ ਨੀਤੀਆਂ ਅਤੇ ਨੋਟੀਫਿਕੇਸ਼ਨਾਂ ਅਨੁਸਾਰ ਕੀਤੇ ਜਾਣ। ਪੰਜਾਬ ਰਾਈਟ ਟੂ ਸਰਵਿਸ ਐਕਟ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਨਕਸ਼ਾ, ਰਜਿਸਟ੍ਰੇਸ਼ਨ ਅਤੇ ਹੋਰ ਸੇਵਾਵਾਂ ਵਿੱਚ ਹੋਣ ਵਾਲੀ ਦੇਰੀ ਨੂੰ ਖਤਮ ਕੀਤਾ ਜਾਵੇ। ਟਰੱਸਟ ਦਫ਼ਤਰ ਵਿਚ ਆਨਲਾਈਨ ਪੇਮੈਂਟ ਸੁਵਿਧਾ ਅਤੇ ਸਿੰਗਲ-ਵਿੰਡੋ ਸਿਸਟਮ ਸ਼ੁਰੂ ਕੀਤਾ ਜਾਵੇ। 2016–2021 ਦੌਰਾਨ ਹੋਈਆਂ ਪ੍ਰਸ਼ਾਸਕੀ ਗਲਤੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਵਿਭਾਗੀ ਕਾਰਵਾਈ ਹੋਵੇ। ਵਸਨੀਕਾਂ ’ਤੇ ਪਿਛਲੀਆਂ ਗਲਤੀਆਂ ਦਾ ਬੋਝ ਨਾ ਪਾਇਆ ਜਾਵੇ ਅਤੇ ਦੋਹਰੀ/ਦੋਬਾਰਾ ਵਸੂਲੀ ਤੁਰੰਤ ਰੋਕੀ ਜਾਵੇ। — ਡਿਪਟੀ ਕਮਿਸ਼ਨਰ ਨੇ ਦਿੱਤਾ ਜਾਂਚ ਦਾ ਭਰੋਸਾ ਡੀਸੀ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੁਸਾਇਟੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸਾਰੇ ਮਸਲਿਆਂ ਅਤੇ ਮੰਗਾਂ ਦੀ ਤਫ਼ਸੀਲੀ ਜਾਂਚ ਕਰਕੇ ਯੋਗ ਕਾਰਵਾਈ ਕੀਤੀ ਜਾਵੇਗੀ। ਜਲੰਧਰ ਇੰਪਰੂਵਮੈਂਟ ਟਰੱਸਟ ਸਰਕਾਰੀ ਨੋਟੀਫਿਕੇਸ਼ਨਾਂ ਅਨੁਸਾਰ ਹੀ ਕੰਮ ਕਰੇਗਾ। ਅਧਿਕਾਰੀਆਂ ਨੇ ਸੁਸਾਇਟੀ ਨੂੰ ਯਕੀਨ ਦਿਵਾਇਆ ਕਿ ਸੂਰਿਆ ਐਨਕਲੇਵ ਦੇ ਨਿਵਾਸੀਆਂ ਨੂੰ ਜਲਦੀ ਹੀ ਰਾਹਤ ਮਿਲੇਗੀ। ਮੀਟਿੰਗ ਵਿੱਚ ਏਡੀਸੀ ਜਸਬੀਰ ਸਿੰਘ, ਈਓ ਰਾਜੇਸ਼ ਚੌਧਰੀ, ਰਾਕੇਸ਼ ਗਰਗ, ਸੁਪਰਡੈਂਟ ਇੰਜੀਨੀਅਰ ਤੇ ਹੋਰ ਅਹੁਦੇਦਾਰ ਮੌਜੂਦ ਸਨ।

