ਜਲੰਧਰ : 
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਸ਼ੁੱਕਰਵਾਰ ਦੁਪਹਿਰ ਚਾਰ ਸਾਲ ਪੁਰਾਣੀ ਰੰਜਿਸ਼ ਦੇ ਚਲਦੇ ਬਦਮਾਸ਼ਾਂ ਵੱਲੋਂ ਇਕ ਨੌਜਵਾਨ ਦੇ ਸਿਰ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਬਾਈਕ ’ਤੇ ਸਵਾਰ ਹੋ ਕੇ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਗੋਲੀਆਂ ਚੱਲਣ ਦੀ ਆਵਾਜ਼ ਸੁਣਦੇ ਹੀ ਇਲਾਕੇ ’ਚ ਅਫ਼ਰਾ-ਤਫ਼ਰੀ ਮਚ ਗਈ ਅਤੇ ਆਸ-ਪਾਸ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪਿੰਡ ਸਦਰਾ ਸੋਢੀਆਂ ਬੁੱਲ੍ਹੋਵਾਲ ਦਾ ਰਹਿਣ ਵਾਲਾ 22 ਸਾਲਾ ਕੇਸਰ ਧਾਮੀ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਦੀ ਸੂਚਨਾ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਥਾਣਾ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ‘ਤੇ ਡੀਐਸਪੀ ਅਤੇ ਆਦਮਪੁਰ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੇਸਰ ਧਾਮੀ ਬੀਤੇ ਦਿਨ ਆਪਣੇ ਦੋਸਤ ਨੂੰ ਮਿਲਣ ਪਿੰਡ ਪਿਆਲਾ ਦੇ ਰਹਿਣ ਵਾਲੇ ਭੂਪਿੰਦਰ ਸਿੰਘ ਕੋਲ ਆਇਆ ਹੋਇਆ ਸੀ। ਸ਼ੁੱਕਰਵਾਰ ਸਵੇਰੇ ਕੇਸਰ, ਭੂਪਿੰਦਰ ਅਤੇ ਉਨ੍ਹਾਂ ਦਾ ਤੀਜਾ ਦੋਸਤ ਗਗਨ ਇਕੋ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਯੂਨੀਵਰਸਿਟੀ ਗਏ ਸਨ। ਦੁਪਹਿਰ ਕਰੀਬ ਤਿੰਨ ਵਜੇ ਜਦੋਂ ਤਿੰਨੇ ਯੂਨੀਵਰਸਿਟੀ ਤੋਂ ਵਾਪਸ ਨਿਕਲੇ ਤਾਂ ਇਸ ਦੌਰਾਨ ਡਰੌਲੀ ਕਲਾਂ ਦਾ ਰਹਿਣ ਵਾਲਾ ਜੱਸਾ ਸਾਹਮਣੇ ਤੋਂ ਆਇਆ ਅਤੇ ਉਨ੍ਹਾਂ ਦੀ ਬੁਲੇਟ ਨੂੰ ਆਪਣੀ ਬਾਈਕ ਨਾਲ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ।ਹੇਠਾਂ ਡਿੱਗਣ ਤੋਂ ਬਾਅਦ ਜੱਸਾ ਤਿੰਨਾਂ ਨਾਲ ਬਹਿਸ ਕਰਨ ਲੱਗ ਪਿਆ ਅਤੇ ਇਸ ਦੌਰਾਨ ਉਸ ਨੇ ਪਿਸਤੌਲ ਕੱਢ ਕੇ ਕੇਸਰ ਦੇ ਸਿਰ ‘ਚ ਤਿੰਨ ਰੌਂਦ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਲੋਕਾਂ ‘ਚ ਭਗਦੜ ਮਚ ਗਈ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਹਾਲਤ ‘ਚ ਸੜਕ ’ਤੇ ਪਏ ਕੇਸਰ ਨੂੰ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਡੀਐਸਪੀ ਆਦਮਪੁਰ ਰਾਜੀਵ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕੇਸਰ ’ਤੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ।

