ਪਟਿਆਲਾ :![]()
ਸ਼ਨੀਵਾਰ ਪਟਿਆਲਾ ਰੇਲਵੇ ਸਟੇਸ਼ਨ ਲਈ ਇਤਿਹਾਸਕ ਦਿਨ ਸੀ ਕਿਉਂਕਿ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਆਪਣੀ ਸ਼ੁਰੂਆਤੀ ਯਾਤਰਾ ਤੇ ਪਹਿਲੀ ਵਾਰ ਪਹੁੰਚੀ। ਪਲੇਟਫਾਰਮ ਨੰਬਰ ਇਕ ਤੇ ਰੇਲ ਗੱਡੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰੇਲਵੇ ਅਧਿਕਾਰੀਆਂ, ਭਾਜਪਾ ਤੇ ਕਾਂਗਰਸੀ ਆਗੂਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੇ ਇਸ ਖ਼ਾਸ ਮੌਕੇ ਨੂੰ ਦੇਖਿਆ। ਵੰਦੇ ਭਾਰਤ ਐਕਸਪ੍ਰੈਸ ਦੇ ਆਲੇ-ਦੁਆਲੇ ਦਾ ਉਤਸ਼ਾਹ ਦੇਖਣਯੋਗ ਸੀ। ਵੰਦੇ ਭਾਰਤ ਐਕਸਪ੍ਰੈਸ ਦੁਪਹਿਰ 12:20 ਵਜੇ ਪਟਿਆਲਾ ਪਹੁੰਚੀ, ਜੋ ਕਿ ਇਸ ਦੇ ਨਿਰਧਾਰਤ ਰਵਾਨਗੀ ਸਮੇਂ 11:25 ਵਜੇ ਤੋਂ ਥੋੜ੍ਹੀ ਦੇਰੀ ਨਾਲ ਸੀ। ਰੇਲ ਗੱਡੀ ਦੇ ਪਹੁੰਚਣ ਤੇ, ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਜੇ ਕੂਕਾ ਨੇ ਰੇਲਗੱਡੀ ਦਾ ਸਵਾਗਤ ਕੀਤਾ, ਜਦੋਂ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੰਦੇ ਭਾਰਤ ਐਕਸਪ੍ਰੈਸ ਵਿੱਚ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਪਟਿਆਲਾ ਪਹੁੰਚੇ। ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਨਾਲ, ਪਟਿਆਲਾ ਤੋਂ ਦਿੱਲੀ ਦਾ ਸਫਰ ਹੁਣ ਸਿਰਫ਼ 3 ਘੰਟੇ 28 ਮਿੰਟਾਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ।
ਅਪਾਹਜ ਯਾਤਰੀਆਂ ਲਈ ਅਤਿ-ਆਧੁਨਿਕ ਸਹੂਲਤਾਂ
ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਤੇ ਪੂਰੀ ਤਰ੍ਹਾਂ ਕੇਂਦ੍ਰਿਤ ਹੈ। ਇਹ ਰੇਲ ਗੱਡੀ ਦੋ-ਪਾਸੜ ਇੰਜਣਾਂ, ਅਤਿ-ਆਧੁਨਿਕ ਸੀਸੀਟੀਵੀ ਕੈਮਰੇ ਅਤੇ 360-ਡਿਗਰੀ ਘੁੰਮਣ ਵਾਲੀਆਂ ਸੀਟਾਂ ਨਾਲ ਲੈਸ ਹੈ। ਇਨ੍ਹਾਂ ਕੈਮਰਿਆਂ ਦੀ ਵਿਲੱਖਣਤਾ ਇਹ ਹੈ ਕਿ ਜੇਕਰ ਕੋਈ ਪੁਲਿਸ ਨੂੰ ਲੋੜੀਂਦਾ ਵਿਅਕਤੀ ਗੱਡੀ ਵਿਚ ਚੜ੍ਹਦਾ ਹੈ, ਤਾਂ ਸਿਸਟਮ ਆਪਣੇ ਆਪ ਉਨ੍ਹਾਂ ਦੀ ਪਛਾਣ ਕਰ ਲੈਂਦਾ ਹੈ। ਦਿਵਿਆਂਗ ਯਾਤਰੀਆਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਹਰੇਕ ਰੇਲ ਟਿਕਟ ਤੇ 56 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰਦੀ ਹੈ। ਜੇਕਰ ਕਿਸੇ ਯਾਤਰੀ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਆਪਣੀ ਸੀਟ ਤੋਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। —- ਕੇਂਦਰੀ ਮੰਤਰੀ ਵਲੋਂ ਵਿਕਾਸ ਅਤੇ ਰੁਜ਼ਗਾਰ ਸਬੰਧੀ ਵੱਡੇ ਐਲਾਨ ਕੇਂਦਰੀ ਰੇਲ ਮੰਤਰੀ ਬਿੱਟੂ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਲਈ ਵਿਕਾਸ ਦਾ ਮਾਡਲ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਰਾਜਪੁਰਾ ਤੱਕ ਰੇਲਵੇ ਕਨੈਕਸ਼ਨ ਤੇ ਕੰਮ, ਜੋ ਕਿ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ, ਹੁਣ ਭਾਜਪਾ ਸਰਕਾਰ ਦੀ ਅਗਵਾਈ ਹੇਠ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਫਿਰੋਜ਼ਪੁਰ ਨਾਲ ਜੋੜਨ ਵਾਲਾ 700 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਹੈ ਤੇ ਤਰਨਤਾਰਨ ਚੋਣਾਂ ਤੋਂ ਬਾਅਦ ਇਸਨੂੰ ਚਾਲੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਗਰਾਉਂ ਤੇ ਮੋਰਿੰਡਾ ਰੂਟ ਤੇ ਡਬਲ-ਟਰੈਕਿੰਗ ਦਾ ਕੰਮ ਵੀ ਜਲਦੀ ਸ਼ੁਰੂ ਹੋਣ ਵਾਲਾ ਹੈ। ਬਿੱਟੂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ 2,000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਸ਼ੁਰੂ ਹੋ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਭਾਜਪਾ 2027 ਦੀਆਂ ਚੋਣਾਂ ਮਜ਼ਬੂਤੀ ਨਾਲ ਲੜੇਗੀ ਤੇ ਪੰਜਾਬ ਵਿੱਚ ਸਰਕਾਰ ਬਣਾਏਗੀ। — ਕੇਂਦਰੀ ਮੰਤਰੀ ਦੇ ‘ਆਪ’ ਤੇ ਨਿਸ਼ਾਨੇ ਕੇਂਦਰੀ ਮੰਤਰੀ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਵਾਲੇ ਵਾਰ-ਵਾਰ ਪੰਜਾਬ ਨੂੰ ਲੁੱਟਣ ਲਈ ਆਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਨੇਤਾ ਪੰਜਾਬ ਵਿਚ ਆਲੀਸ਼ਾਨ ਬੰਗਲੇ ਹਾਸਲ ਕਰ ਰਹੇ ਹਨ। ਮੁੱਖ ਮੰਤਰੀ ਪਹਿਲਾਂ ਹੀ ਚਾਰ ਬੰਗਲਿਆਂ ਦੇ ਮਾਲਕ ਹਨ ਅਤੇ ਹੁਣ ਬੰਗਲਾ ਨੰਬਰ 50 ਵੀ ਲੈ ਲਿਆ ਹੈ। ਉਨਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਸਭ ਤੋਂ ਵਧੀਆ ਬੰਗਲੇ ਦਿੱਤੇ ਗਏ ਹਨ, ਜੋ ਕਿ ਪੰਜਾਬ ਲਈ ਮੰਦਭਾਗਾ ਹੈ।

