ਜਲੰਧਰ :
ਮਾਰਕੀਟ ਕਮੇਟੀ ਜਲੰਧਰ ਸ਼ਹਿਰ ਅਧੀਨ ਆਉਂਦੀ ਨਵੀਂ ਦਾਣਾ ਮੰਡੀ ਜਲੰਧਰ ਸ਼ਹਿਰ, ਕਰਤਾਰਪੁਰ, ਖੈਹਰਾ ਮਾਝਾ, ਕੋਹਾਲਾ, ਨੌਗੱਜਾ, ਆਲਮਪੁਰ ਬੱਕਾ, ਸਰਾਏ ਖਾਸ ਤੇ ਮੰਡੀ ਫੈਂਟਨ ਗੰਜ ’ਚ ਝੋਨੇ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਭਾਵੇਂ ਸਰਕਾਰ ਵੱਲੋਂ ਖਰੀਦ ਦੇ ਪ੍ਰਬੰਧ ਬਿਜਲੀ, ਪਾਣੀ, ਛਾਂ ਤੇ ਸਫਾਈ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ 16 ਸਤੰਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਪਹਿਲੇ ਦਿਨ ਜਲੰਧਰ ਸ਼ਹਿਰ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਨਹੀ ਹੋਈ। ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਪਿਛਲੇ ਸਾਲ ਮਾਰਕੀਟ ਕਮੇਟੀ, ਜਲੰਧਰ ਸ਼ਹਿਰ ਦੀਆਂ ਮੰਡੀਆਂ ’ਚ ਕੁੱਲ 13,77,747 ਕੁਇੰਟਲ ਝੋਨੇ ਦੀ ਆਮਦ ਹੋਈ ਸੀ ਤੇ ਇਸ ਵਾਰ ਝੋਨੇ ਦੀ ਐੱਮਐੱਸਪੀ 2389 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਸਾਨ ਨੂੰ ਅਪੀਲ ਕੀਤੀ ਕਿ ਮੰਡੀਆਂ ’ਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਝੋਨੇ ਦੀ ਖਰੀਦ ਸਮੇਂ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਹੋਵੇ।