ਇਸਲਾਮਾਬਾਦ :
ਪਾਕਿਸਤਾਨੀ ਦੇ ਬਲੋਚਿਸਤਾਨ ਸੂਬੇ ’ਚ ਜ਼ਫਰ ਐਕਸਪ੍ਰੈੱਸ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਹੈ। ਟਰੈਕ ’ਤੇ ਬੰਬ ਲਗਾ ਕੇ ਟ੍ਰੇਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਵਿਚ ਟ੍ਰੇਨ ਦੇ ਕਈ ਡੱਬੇ ਲੀਹੋਂ ਲੱਥੇ ਗਏ ਤੇ ਇਕ ਪਲਟ ਗਿਆ। ਇਸ ਘਟਨਾ ’ਚ ਔਰਤਾਂ ਤੇ ਬੱਚਿਆਂ ਸਮੇਤ ਕਰੀਬ ਦਰਜਨ ਭਰ ਲੋਕ ਜ਼ਖ਼ਮੀ ਹੋ ਗਏ। ਕਵੇਟਾ ਤੇ ਪਿਸ਼ਾਵਰ ਵਿਚ ਚੱਲਣ ਵਾਲੀ ਇਸ ਟ੍ਰੇਨ ਨੂੰ ਬੀਤੀ ਮਾਰਚ ’ਚ ਹਾਈਜੈਕ ਕਰ ਲਿਆ ਗਿਆ ਸੀ। ਉਦੋਂ ਤੋਂ ਕਈ ਵਾਰ ਜ਼ਫਰ ਐਕਸਪ੍ਰੈੱਸ ’ਤੇ ਹਮਲਾ ਹੋ ਚੁੱਕਾ ਹੈ। ਰੇਲਵੇ ਦੇ ਅਧਿਕਾਰੀਆਂ ਅਨੁਸਾਰ, ਕਵੇਟਾ ਜਾ ਰਹੀ ਜ਼ਫਰ ਐਕਸਪ੍ਰੈੱਸ ਨੂੰ ਮੰਗਲਵਾਰ ਨੂੰ ਮਸਤੁੰਗ ਦੇ ਸਪਿਜੈਂਡ ਇਲਾਕੇ ’ਚ ਬੰਬ ਧਮਾਕੇ ’ਚ ਨਿਸ਼ਾਨਾ ਬਣਾਇਆ ਗਿਆ। ਇਲਾਕੇ ’ਚ ਸਿਰਫ ਦਸ ਘੰਟੇ ਦੇ ਅੰਦਰ ਇਹ ਦੂਜਾ ਧਮਾਕਾ ਸੀ। ਬਲੋਚਿਸਤਾਨ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਮੁੱਖ ਰੇਲਵੇ ਮਾਰਗ ’ਤੇ ਸਵੇਰ ਦੇ ਸਮੇਂ ਹੀ ਧਮਾਕਾ ਕੀਤਾ ਗਿਆ ਸੀ। ਟਰੈਕ ਨੂੰ ਕੋਈ ਨੁਕਸਾਨ ਨਾ ਪਾਏ ਜਾਣ ’ਤੇ ਟ੍ਰੇਨ ਸੰਚਾਲਨ ਬਹਾਲ ਕਰ ਦਿੱਤਾ ਗਿਆ ਸੀ ਪਰ ਸ਼ਾਮ ਨੂੰ ਜਦੋਂ ਟ੍ਰੇਨ ਕਵੇਟਾ ਵੱਲ ਜਾ ਰਹੀ ਸੀ ਤਾਂ ਸਪਿਜੈਂਡ ਇਲਾਕੇ ’ਚ ਟਰੈਕ ’ਤੇ ਮੁੜ ਧਮਾਕਾ ਕਰ ਦਿੱਤਾ ਗਿਆ। ਟ੍ਰੇਨ ’ਚ 270 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।