ਜਲੰਧਰ :
ਪਾਵਰਕਾਮ ਵੱਲੋਂ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਘਰਾਂ ਦੇ ਮੀਟਰਾਂ ਦੀ ਚੈਕਿੰਗ ਦੌਰਾਨ ਜਿਨ੍ਹਾਂ ਖਪਤਕਾਰਾਂ ਵੱਲੋਂ ਬਿਜਲੀ ਚੋਰੀ ਕੀਤੀ ਗਈ ਪਾਈ ਗਈ, ਉਨ੍ਹਾਂ ‘ਤੇ ਜੁਰਮਾਨਾ ਲਾਇਆ ਜਾ ਰਿਹਾ ਹੈ। ਸ਼ਨਿਚਰਵਾਰ ਨੂੰ ਪਾਵਰਕਾਮ ਦੀਆਂ ਟੀਮਾਂ ਨੇ ਜਲੰਧਰ ਸਰਕਲ ਦੇ 1535 ਘਰਾਂ ਦੀ ਚੈਕਿੰਗ ਕੀਤੀ। ਜਿਸ ’ਚ ਈਸਟ ਡਿਵੀਜ਼ਨ ਨੇ 279, ਕੈਂਟ ਨੇ 220, ਮਾਡਲ ਟਾਊਨ ਨੇ 543, ਵੈਸਟ ਨੇ 273 ਤੇ ਫਗਵਾੜਾ ਡਵੀਜ਼ਨ ਨੇ 220 ਘਰਾਂ ’ਚ ਚੈਕਿੰਗ ਕੀਤੀ। ਟੀਮ ਨੇ 14 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਕਾਬੂ ਕੀਤਾ ਹੈ। ਇਨ੍ਹਾਂ ਖਪਤਕਾਰਾਂ ‘ਤੇ 4.16 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਬਿਜਲੀ ਚੋਰੀ ਕਰਨ ਵਾਲਿਆਂ ’ਤੇ ਨਕੇਲ ਕਸਣ ਲਈ ਟੀਮਾਂ ਘਰਾਂ ’ਚ ਚੈਕਿੰਗ ਕਰ ਰਹੀਆਂ ਹਨ। ਕਈ ਖਪਤਕਾਰ ਅਜਿਹੇ ਵੀ ਹਨ ਜੋ ਬਿਨਾਂ ਨਾਮ ਦੱਸੇ ਬਿਜਲੀ ਚੋਰੀ ਕਰਨ ਵਾਲਿਆਂ ਦੀ ਜਾਣਕਾਰੀ ਦੇ ਰਹੇ ਹਨ। ਵਿਭਾਗ ਵੱਲੋਂ ਅਜਿਹੇ ਲੋਕਾਂ ਦੇ ਨਾਮ ਗੁਪਤ ਰੱਖੇ ਜਾ ਰਹੇ ਹਨ।ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਹੈ। ਟੀਮਾਂ ਘਰਾਂ ’ਚ ਜਾ-ਜਾ ਕੇ ਮੀਟਰ ਚੈਕ ਕਰ ਰਹੀਆਂ ਹਨ। ਜਿਹੜਾ ਖਪਤਕਾਰ ਬਿਜਲੀ ਚੋਰੀ ਕਰਦਾ ਪਾਇਆ ਜਾਂਦਾ ਹੈ, ਉਸ ‘ਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ। ਕੋਈ ਵੀ ਖਪਤਕਾਰ ਜੇਕਰ ਬਿਜਲੀ ਚੋਰੀ ਕਰਨ ਵਾਲੇ ਦੀ ਜਾਣਕਾਰੀ ਦਿੰਦਾ ਹੈ, ਤਾਂ ਉਸ ਦਾ ਨਾਮ ਵਿਭਾਗ ਵੱਲੋਂ ਗੁਪਤ ਰੱਖਿਆ ਜਾਵੇਗਾ। ਡਿਫਾਲਟਰ ਖਪਤਕਾਰਾਂ ਨੂੰ ਆਪਣਾ ਬਕਾਇਆ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਨਹੀਂ ਤਾਂ ਉਨ੍ਹਾਂ ਦੇ ਕਨੈਕਸ਼ਨ ਆਉਣ ਵਾਲੇ ਦਿਨਾਂ ’ਚ ਕੱਟੇ ਜਾਣਗੇ।