ਜਲੰਧਰ,
ਬਸਤੀ ਮਿੱਠੂ ਦੇ ਖੇਤਰ ਵਿੱਚ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਇੱਕ ਘਰ ਉੱਤੇ ਇੱਟਾਂ ਪੱਥਰਾਂ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਹਮਲਾਵਰਾਂ ਨੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਲਈ ਗੋਲੀ ਚਲਾਈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਲਾਕੇ ਦੇ ਸੀਸੀ ਟੀਵੀ ਕੈਮਰਿਆਂ ਵਿੱਚ ਵਾਰਦਾਤ ਕੈਦ ਹੋ ਗਈ ਹੈ।
ਮਿੱਠੂ ਬਸਤੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਆਪਣੇ ਇੱਕ ਰਿਸ਼ਤੇਦਾਰ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਅੱਜ ਸ਼ਾਮ ਰਿਸ਼ਤੇਦਾਰ ਨੇ ਉਸ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ। ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਰਿਸ਼ਤੇਦਾਰੀ ਦਾ ਮਾਮਲਾ ਹੋਣ ਕਰਕੇ ਉਸ ਨੇ ਧਮਕੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦੇ ਨਤੀਜੇ ਵਜੋਂ, ਉਸ ਦਾ ਰਿਸ਼ਤੇਦਾਰ ਆਪਣੇ ਕੁਝ ਸਾਥੀਆਂ ਦੇ ਨਾਲ ਰਾਤ ਸਮੇਂ ਉਹਨਾਂ ਦੇ ਘਰ ਆਇਆ ਅਤੇ ਘਰ ਉੱਤੇ ਇੱਟਾਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੇ ਭਰਾ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਭਜਦੇ ਹੋਏ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਉਹ ਭੱਜ ਕੇ ਘਰਾਂ ਵਿੱਚ ਲੁਕ ਗਏ ਅਤੇ ਆਪਣੀ ਜਾਨ ਬਚਾਈ। ਪੀੜਤ ਵੱਲੋਂ ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

