ਚੰਡੀਗੜ੍ਹ:
ਹਰਿਆਣਾ ਦੇ ਆਈਪੀਐਸ ਅਫ਼ਸਰ ਵਾਈ ਪੂਰਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਇਕ ਮੋਰਚਾ ਬਣਾਇਆ ਗਿਆ ਹੈ ਜਿਸ ਦਾ ਨਾਮ ਸ਼ਹੀਦ ਵਾਈ ਪੂਰਨ ਕੁਮਾਰ ਨਿਆਂ ਸੰਘਰਸ਼ ਮੋਰਚਾ ਰੱਖਿਆ ਗਿਆ ਹੈ। ਇਸ ਵਿੱਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ 36 ਸੰਗਠਨਾਂ ਦੇ ਮੈਂਬਰ ਸ਼ਾਮਲ ਹਨ। ਇਨ੍ਹਾਂ ਨੇ ਮਿਲ ਕੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਸੈਕਟਰ 20 ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਮਹਾਂਪੰਚਾਇਤ ਕੀਤੀ ਜਾਵੇਗੀ। ਇਸ ਲਈ 31 ਮੈਂਬਰਾਂ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ।ਮੋਰਚੇ ਦੇ ਪ੍ਰਧਾਨ ਜੈ ਨਾਰਾਇਣ, ਗੌਤਮ ਭੋਰਿਆ ਅਤੇ ਦਿਨੇਸ਼ ਵਾਲਮੀਕੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਇਹ ਕਮੇਟੀ ਬਣਾਈ ਹੈ। ਕਮੇਟੀ ਦੇ ਮੈਂਬਰਾਂ ਨੇ ਸਾਫ਼ ਕਿਹਾ ਹੈ ਕਿ ਜਦ ਤਕ ਐਫਆਈਆਰ ਦੇ ਕਾਲਮ ਨੰਬਰ 7 ਵਿੱਚ ਫਾਈਨਲ ਨੋਟ ਵਿੱਚ ਦਿੱਤੇ ਨਾਮ ਨਹੀਂ ਲਿਖੇ ਜਾਂਦੇ ਅਤੇ ਡੀਜੀਪੀ ਤੇ ਐਸਪੀ ਰੋਹਤਕ ਨੂੰ ਸਸਪੈਂਡ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਤਦ ਤਕ ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਇਸੇ ਦੌਰਾਨ, ਡਾ. ਬੀ.ਆਰ. ਅੰਬੇਡਕਰ ਲੀਗਲ ਫ੍ਰੈਟਰਨਿਟੀ ਦੇ ਐਡਵੋਕੇਟ ਸੁਦੇਸ਼ ਕੁਮਾਰ ਖੁਰਚਾ ਨੇ ਵੀ ਮੁਲਜ਼ਮ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਚੁੱਕੀ। ਉਨ੍ਹਾਂ ਕਿਹਾ ਕਿ ਪੂਰਨ ਕੁਮਾਰ ਇੱਕ ਆਈਪੀਐਸ ਅਫਸਰ ਸਨ ਅਤੇ ਉਨ੍ਹਾਂ ਦੀ ਮੌਤ ਲਈ ਕਈ ਵੱਡੇ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਫਆਈਆਰ ਵਿੱਚ ਐਸਸੀ-ਐਸਟੀ ਐਕਟ ਦੀਆਂ ਕਮਜ਼ੋਰ ਧਾਰਾਵਾਂ ਲਗਾਈਆਂ ਗਈਆਂ ਹਨ, ਤਾਂ ਜੋ ਵੱਡੇ ਅਧਿਕਾਰੀਆਂ ਨੂੰ ਬਚਾਇਆ ਜਾ ਸਕੇ। ਇਸ ਲਈ ਉਨ੍ਹਾਂ ਨੇ ਐਫਆਈਆਰ ਵਿੱਚ ਸੋਧ ਦੀ ਮੰਗ ਕੀਤੀ ਹੈ।