, ਨਵੀਂ ਦਿੱਲੀ : 
ਪੂਰਾ ਉੱਤਰ ਭਾਰਤ ਧੁੰਦ ਤੇ ਸੀਤ ਲਹਿਰ ਦੀ ਲਪੇਟ ’ਚ ਹੈ। ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਬਾਰਿਸ਼ ਕਾਰਨ ਠੰਢ ਵਧ ਗਈ ਹੈ ਤੇ ਪੰਜਾਬ ਤੋਂ ਲੈ ਕੇ ਬਿਹਾਰ ਤੇ ਝਾਰਖੰਡ ਤੱਕ ਧੁੰਦ ਨੇ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਕੜਾਕੇ ਦੀ ਠੰਢ ਕਾਰਨ ਉੱਤਰ ਪ੍ਰਦੇਸ਼ ’ਚ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ’ਚ ਸ਼ਨਿਚਰਵਾਰ ਇਸ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ। ਸੰਘਣੀ ਧੁੰਦ ਕਾਰਨ ਦਿੱਲੀ ਦੇ ਆਈਜੀਆਈ ਏਅਰਪੋਰਟ ’ਤੇ ਘੱਟੋ ਘੱਟ 129 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਵੱਡੀ ਗਿਣਤੀ ’ਚ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਐਤਵਾਰ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਲਗਾਉਂਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਦੇ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਿਮਾਚਲ ਪ੍ਰਦੇਸ਼ ਦੌਰਾ ਰੱਦ ਕਰ ਦਿੱਤਾ ਗਿਆ। ਸ਼ਾਹ ਨੇ ਸ਼ਨਿਚਰਵਾਰ ਨੂੰ ਕਾਂਗੜਾ ਜ਼ਿਲ੍ਹੇ ’ਚ ਜਵਾਲਾਮੁਖੀ ਦੇ ਨਜ਼ਦੀਕ ਸਪੜੀ ’ਚ ਐੱਸਐੱਸਬੀ (ਹਥਿਆਰਬੰਦ ਸੀਮਾ ਬਲ) ਦੇ ਸਥਾਪਨਾ ਸਮਾਗਮ ’ਚ ਹਿੱਸਾ ਲੈਣਾ ਸੀ। ਦਿੱਲੀ ਤੋਂ ਹਵਾਈ ਉਡਾਣ ਸੰਭਵ ਨਾ ਹੋਣ ਕਾਰਨ ਦੌਰਾ ਰੱਦ ਹੋ ਗਿਆ।ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਮੁਤਾਬਕ, ਦਿੱਲੀ ’ਚ ਸੀਤ ਲਹਿਰ ਸ਼ੁਰੂ ਹੋ ਗਈ ਹੈ। ਘੱਟ ਤੋਂ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਦੋ ਡਿਗਰੀ ਘੱਟ ਸੀ। ਸਾਧਾਰਨ ਵੱਧ ਤੋਂ ਵੱਧ ਤਾਪਮਾਨ ਤੋਂ ਨੈਗੇਟਿਵ ਡੇਵੀਏਸ਼ਨ 4.5 ਤੋਂ 6.4 ਡਿਗਰੀ ਸੈਲਸੀਅਸ ਤੱਕ ਹੋਣ ’ਤੇ ਸੀਤ ਲਹਿਰ ਐਲਾਨੀ ਜਾਂਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਪੂਰਵਾਂਚਲ ਤੱਕ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਰਾਤ ਤੋਂ ਸ਼ਨਿਚਰਵਾਰ ਸਵੇਰ ਤੱਕ ਸੰਘਣੀ ਧੁੰਦ ਛਾਈ ਰਹੀ। ਕਾਨਪੁਰ, ਬਰੇਲੀ ਸਮੇਤ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ ਰਹੇ। ਬੁੰਦੇਲਖੰਡ ਦੇ ਜ਼ਿਲ੍ਹਿਆਂ ’ਚ ਸਮਾਂ ਬਦਲਿਆ ਗਿਆ ਹੈ। ਸੂਬੇ ’ਚ ਬੁਲੰਦਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਤੱਕ ਗਿਆ। ਲਖੀਮਪੁਰ ਖੀਰੀ ’ਚ ਅੱਠ, ਬਾਰਾਬੰਕੀ ’ਚ 8.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਰਿਹਾ। ਵਾਰਾਨਸੀ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਫ਼ਰਕ ਸਭ ਤੋਂ ਘੱਟ 3.3 ਡਿਗਰੀ ਸੈਲਸੀਅਸ ਰਿਹਾ। ਹਿਮਾਚਲ ’ਚ ਪੱਛਮੀ ਗੜਬੜੀ ਦੇ ਕਮਜ਼ੋਰ ਹੋਣ ਕਾਰਨ ਉੱਚੀਆਂ ਪਹਾੜੀਆਂ ਬਾਰਾਲਾਚਾ, ਕੁੰਜੁਮ ਤੇ ਸ਼ਿੰਕੁਲਾ ’ਚ ਸ਼ਨਿਚਰਵਾਰ ਨੂੰ ਹਲਕੀ ਬਰਫ਼ਬਾਰੀ ਹੋਈ ਹੈ, ਜਦਕਿ ਹੋਰਨਾਂ ਥਾਵਾਂ ’ਤੇ ਬੱਦਲ ਛਾਏ ਰਹਿਣ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਸੂਬੇ ’ਚ ਐਤਵਾਰ ਨੂੰ ਬਾਰਿਸ਼ ਤੇ ਬਰਫ਼ਬਾਰੀ ਦਾ ਅਨੁਮਾਨ ਹੈ।

