ਸਿਰਸਾ/ਰੋਹਤਕ :
ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਖ਼ਤਮ ਕਰ ਕੇ ਸੋਮਵਾਰ ਸ਼ਾਮ ਕਰੀਬ 5 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਚਲਾ ਗਿਆ। ਇਸ ਦੇ ਨਾਲ ਹੀ ਉਸ ਦੀ ਇਸ ਸਾਲ ਦੀ 91 ਦਿਨਾਂ ਦੀ ਪੈਰੋਲ ਮੁਕੰਮਲ ਹੋ ਗਈ ਹੈ। ਹੁਣ ਇਸ ਨੂੰ 2026 ਵਿਚ ਹੀ ਪੈਰੋਲ ਤੇ ਫਰਲੋ ਮਿਲ ਸਕੇਗੀ।ਡੇਰਾ ਸਿਰਸਾ ਮੁਖੀ ਪੰਜ ਅਗਸਤ 2025 ਨੂੰ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ’ਤੇ ਬਾਹਰ ਆਇਆ ਸੀ, ਉਸ ਨੂੰ 14ਵੀਂ ਵਾਰ ਪੈਰੋਲ ਜਾਂ ਫਰਲੋ ਮਿਲੀ ਸੀ। ਸਿਰਸਾ ਡੇਰਾ ਵਿਚ ਪਹੁੰਚਣ ਦੇ ਨਾਲ ਹੀ ਉਸ ਨੇ ਆਪਣੇ ਪੈਰੋਕਾਰਾਂ ਲਈ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਇਸ ਮਗਰੋਂ ਉਸ ਨੇ ਆਪਣੀ ਪੈਰੋਲ ਦੌਰਾਨ ਗੁਰਗੱਦੀ ਦਿਨ ਮਨਾਇਆ ਤੇ ਨਸ਼ਾ ਪੀੜਤਾਂ ਨੂੰ ਨਾਮ ਦਾਨ ਦੇ ਕੇ ਸਾਰੇ ਜਣੇ ਇਲਾਜ ਲਈ ਭਰਤੀ ਕਰਵਾਏ। ਇਸ ਵਾਰ ਗੁਰਮੀਤ ਨੇ ਪੁਰਾਣੇ ਡੇਰਾ ਸ਼ਾਹ ਮਸਤਾਨਾ ਧਾਮ ਦੀ ਮੁਰੰਮਤ ਦਾ ਕੰਮ ਕਰਵਾਇਆ ਜੋ ਕਿ ਦੋ ਦਿਨ ਚੱਲਿਆ, ਇਸ ਤੋਂ ਇਲਾਵਾ ਡੇਰੇ ਵਿਚ ਨਵਾਂ ਬੋਰਵੈੱਲ ਵੀ ਕਰਵਾਇਆ ਗਿਆ। ਐੱਮਐੱਸਜੀ ਉਤਪਾਦ ਜਿਵੇਂ ਸਰੋਂ ਦਾ ਤੇਲ, ਆਰਓ ਤੇ ਬੈਟਰੀਆਂ ਨੂੰ ਪੇਸ਼ ਕੀਤਾ ਗਿਆ।ਪੈਰੋਲ ਦੇ ਅੰਤਮ ਦਿਨਾਂ ਵਿਚ ਗੁਰੂਗ੍ਰਾਮ ਵਿਚ ਸਫ਼ਾਈ ਮੁਹਿੰਮ ਨੂੰ ਹਰੀ ਝੰਡੀ ਦਿੱਤੀ। ਦੱਸਣਯੋਗ ਹੈ ਕਿ 25 ਅਗਸਤ 2017 ਨੂੰ ਦੋ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮੁਕੱਦਮੇ ਵਿਚ ਗੁਰਮੀਤ ਨੂੰ 20 ਸਾਲ ਦੀ ਕੈਦ ਹੋਈ ਸੀ। ਇਸ ਮਗਰੋਂ 17 ਜਨਵਰੀ 2019 ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕਾਂਡ ਵਿਚ ਡੇਰਾ ਮੁਖੀ ਨੂੰ ਉਮਰ ਕੈਦ ਹੋਈ। ਉਥੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿਚ ਅਕਤੂਬਰ 2021 ਵਿਚ ਸੀਬੀਆਈ ਅਦਾਲਤ ਨੇ ਗੁਰਮੀਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਉਹ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਪੈਰੋਲ ਤੇ ਫਰਲੋ ਲੈ ਕੇ ਹੁਣ ਤੱਕ 13 ਵਾਰ ਬਾਹਰ ਆ ਚੁੱਕਾ ਹੈ, ਇਹ 14ਵਾਂ ਮੌਕਾ ਸੀ।