ਪਟਿਆਲਾ ਮੇਜਰ ਟਾਈਮਸ ਬਿਉਰੋ
ਸੂਬੇ ’ਚ ਹੜ੍ਹ ਦੀ ਲਪੇਟ ’ਚ ਆਏ ਲੋਕਾਂ ਨੂੰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਸੂਬੇ ਦੇ ਤਿੰਨਾਂ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਜਾਂ ਉਸ ਤੋਂ ਉੱਪਰ ਚੱਲ ਰਿਹਾ ਹੈ। ਵੀਰਵਾਰ ਨੂੰ ਪੌਂਗ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਪੁੱਜ ਚੁੱਕਾ ਹੈ। ਇਸੇ ਤਰ੍ਹਾਂ ਭਾਖੜਾ ਡੈਮ ’ਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇਕ ਫੁੱਟ ਦੂਰ ਹੈ। ਡੈਮ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਾਖੜਾ ਦੇ ਫਲੱਡ ਗੇਟ ਹੁਣ ਸੱਤ ਫੁੱਟ ਤੋਂ ਵਧਾ ਕੇ 10 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਇਸ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ’ਚ ਹੜ੍ਹ ਦਾ ਖ਼ਤਰਾ ਹੋ ਵਧ ਗਿਆ ਹੈ। ਲੁਧਿਆਣਾ ’ਚ ਤਾਂ ਪੰਜ ਥਾਂ ਸਤਲੁਜ ਦੇ ਕਿਨਾਰੇ ਬਣੇ ਧੁੱਸੀ ਬੰਨ੍ਹ ਕਮਜ਼ੋਰ ਹੋ ਚੁੱਕੇ ਹਨ। ਇਕ ਥਾਂ ਪਿੰਡ ਸਸਰਾਲੀ ’ਚ ਫ਼ੌਜ ਦੀ ਮਦਦ ਨਾਲ ਬੰਨ੍ਹ ਤੋਂ 200 ਮੀਟਰ ਪਿੱਛੇ ਇਕ ਕਿਲੋਮੀਟਰ ਇਲਾਕੇ ’ਚ ਰਿੰਗ ਬੰਨ੍ਹ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਹੜ੍ਹ ਪ੍ਰਭਾਵਿਤ ਸਾਰੇ ਸੂਬਿਆਂ ’ਚ ਇਕ-ਇਕ ਗਜ਼ਟਡ ਅਧਿਕਾਰੀ ਤਾਇਨਾਤ ਕਰਨਦਾ ਫ਼ੈਸਲਾ ਕੀਤਾ ਹੈ। ਇਸ ਅਧਿਕਾਰੀ ਕੋਲ ਪਿੰਡ ’ਚ ਆਏ ਹੜ੍ਹ ਸਬੰਧੀ ਹਰ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ। ਓਧਰ ਖ਼ਤਰੇ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਜੰਮੂ-ਪਠਾਨਕੋਟ, ਫ਼ਿਰੋਜ਼ਪੁਰ-ਨਕੋਦਰ ਰੂਟ ਦੀਆਂ ਰੇਲ ਗੱਡੀਆਂ ਰੱਦ ਗੱਡੀਆਂ ਰੱਦ ਰ ਦਿਤੀਆਂ ਹਨÍ ਭਾਖੜਾ ਤੇ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਸਤਲੁਜ ਤੇ ਬਿਆਸ ਦਰਿਆ ਆਫਰੇ ਹੋਏ ਹਨ। ਸਤਲੁਜ ਕਾਰਨ ਰੂਪਨਗਰ, ਲੁਧਿਆਣਾ ਤੇ ਜਲੰਧਰ ’ਚ ਜਿੱਥੇ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਉੱਥੇ ਹੀ ਤਰਨਤਾਰਨ ਜ਼ਿਲ੍ਹੇ ’ਚ ਸਥਿਤ ਹਰੀਕੇ ਪੱਤਣ ਹੈੱਡਵਰਕਸ ’ਚ ਦੋਵਾਂ ਦਰਿਆਵਾਂ ਦਾ ਪਾਣੀ ਇਕੱਠਾ ਹੋਣ ਨਾਲ ਤਰਨਤਾਰਨ ’ਚ ਵੀ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਇੱਥੋਂ ਛੱਡੇ ਜਾ ਰਹੇ ਪਾਣੀ ਕਾਰਨ ਫ਼ਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਹਾਲਾਤ ਸੁਧਰਨ ਦੀ ਬਜਾਏ ਵਿਗੜਦੇ ਜਾ ਰਹੇ ਹਨ। ਫਾਜ਼ਿਲਕਾ ’ਚ ਹੜ੍ਹ ਦੇ ਪਾਣੀ ਦੇ ਘੇਰੇ ’ਚ ਉਹ ਪਿੰਡ ਜਿਹੜੇ ਅਜੇ ਉਚਾਈ ਕਾਰਨ ਬਚੇ ਹੋਏ ਹਨ, ’ਚ ਵੀ ਪਾਣੀ ਦਾਖ਼ਲ ਹੋਣ ਲੱਗਾ ਹੈ। ਵੀਰਵਾਰ ਨੂੰ ਹੁਸੈਨੀਵਾਲਾ ਹੈੱਡ ਤੋਂ 3 ਲੱਖ 30 ਹਜ਼ਾਰ ਕਿਊਸਕ ਪਾਣੀ ਛੱਡਣ ਮਗਰੋਂ ਫਾਜ਼ਿਲਕਾ ’ਚ ਪਾਣੀ ਦਾ ਪੱਧਰ ਇੱਕ ਫੁੱਟ ਹੋਰ ਵੱਧ ਗਿਆ। ਇਸ ਕਾਰਨ ਕਈ ਹੋਰ ਪਿੰਡਾਂ ’ਚ ਸਥਿਤੀ ਚਿੰਤਾਜਨਕ ਬਣ ਗਈ ਹੈ। ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕਰ ਰਿਹਾ ਹੈ। ਇਸੇ ਵਿਚਾਲੇ ਬਚਾਅ ਕਾਰਜ ਵੀ ਤੇਜ਼ ਕਰ ਦਿੱਤੇ ਗਏ ਹਨ। ਬੀਤੇ 24 ਘੰਟਿਆਂ ’ਚ 610 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸ਼ੁੱਕਰਵਾਰ ਨੂੰ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਹੁਣ ਤੱਕ ਇਸ ਇਲਾਕੇ ’ਚੋਂ 3032 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਇਸੇ ਵਿਚਾਲੇ ਸਤਲੁਜ ਕੰਢੇ ਬਣੇ ਧੁੱਸੀ ਬੰਨ੍ਹਾਂ ’ਚ ਕਈ ਥਾਵਾਂ ‘ਤੇ ਲੀਕੇਜ ਦੀ ਸੂਚਨਾ ਮਿਲਣ ਮਗਰੋਂ ਇਨ੍ਹਾਂ ਦੀ ਮੁਰੰਮਤ ਦੇ ਮਜ਼ਬੂਤੀ ਲਈ ਪ੍ਰਸ਼ਾਸਨ ਨਾਲ ਮਿਲ ਕੇ ਲੋਕ ਕੰਮ ਕਰ ਰਹੇ ਹਨ।