ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਅੰਮ੍ਰਿਤਸਰ : 
ਐੱਸਟੀਐੱਫ (ਜਲੰਧਰ) ਨੇ ਹੈਰੋਇਨ ਦੇ ਝੂਠੇ ਕੇਸ ’ਚ ਫਸਾਉਣ ਦੇ ਦੋਸ਼ ’ਚ ਸਾਬਕਾ ਏਆਈਜੀ ਰਛਪਾਲ ਸਿੰਘ ਨੂੰ ਬਿਆਸ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਸੀਜੇਐੱਮ ਸੁਪਰੀਤ ਕੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ। ਮੁਲਜ਼ਮ ਰਛਪਾਲ ਸਿੰਘ ਸਮੇਤ ਦਸ ਪੁਲਿਸ ਮੁਲਾਜ਼ਮਾਂ ’ਤੇ ਇਕ ਵਿਅਕਤੀ ਨੂੰ ਹੈਰੋਇਨ ਦੇ ਝੂਠੇ ਕੇਸ ’ਚ ਫਸਾਉਣ ਦਾ ਦੋਸ਼ ਹੈ। ਦੋਸ਼ ਹੈ ਕਿ ਸਾਲ 2017 ’ਚ ਬਲਵਿੰਦਰ ਸਿੰਘ ਨਾਮੀ ਵਿਅਕਤੀ ’ਤੇ ਇਕ ਕਿਲੋ ਹੈਰੋਇਨ ਦਾ ਕੇਸ ਦਰਜ ਕੀਤਾ ਸੀ। ਮੁਲਜ਼ਮ ਨੇ ਮਾਮਲੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਨਵੰਬਰ 2019 ’ਚ ਕੋਰਟ ਨੇ ਮਾਮਲੇ ਦੀ ਜਾਂਚ ਦੇ ਹੁਕਮ ਏਡੀਜੀਪੀ ਪ੍ਰਮੋਦ ਬਾਨ ਨੂੰ ਦਿੱਤੇ ਸਨ। ਜਾਂਚ ’ਚ ਕਾਫ਼ੀ ਖਾਮੀਆਂ ਮਿਲੀਆਂ ਸਨ। ਏਡੀਜੀਪੀ ਨੇ ਇਹ ਰਿਪੋਰਟ ਕੋਰਟ ’ਚ ਸੌਂਪੀ ਸੀ। ਇਸ ਤੋਂ ਬਾਅਦ ਇਸ ਮਾਮਲੇ ’ਚ ਇੰਸਪੈਕਟਰ ਸੁਖਵਿੰਦਰ ਸਿੰਘ, ਐੱਸਆਈ ਪਰਮਜੀਤ ਸਿੰਘ, ਐੱਸਆਈ ਬਲਵਿੰਦਰ ਸਿੰਘ, ਐੱਸਆਈ ਸੁਰਜੀਤ ਸਿੰਘ ਸਮੇਤ ਦਸ ਲੋਕਾਂ ਖ਼ਿਲਾਫ਼ ਥਾਣਾ ਸਿਵਿਲ ਲਾਈਨ ’ਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਰਿਟਾਇਰਡ ਇੰਸੈਪਕਟਰ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਰਛਪਾਲ ਸਿੰਘ ਸਾਲ 2024 ’ਚ ਏਆਈਜੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰਛਪਾਲ ਸਿੰਘ ’ਤੇ 195 ਕਿਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਵੀ ਰਿਸ਼ਵਤਖੋਰੀ ਦੇ ਦੋਸ਼ ਲੱਗੇ ਸਨ। ਦੋਸ਼ ਸੀ ਕਿ ਰਛਪਾਲ ਤੇ ਉਸ ਦੀ ਟੀਮ ਨੇ ਕਈ ਲੋਕਾਂ ਨੂੰ ਹਿਰਾਸਤ ’ਚ ਲਿਆ ਸੀ ਤੇ ਪੈਸੇ ਵਸੂਲ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਸੀ।

