ਲੁਧਿਆਣਾ :
ਲਗਾਤਾਰ ਵਧਦੀ ਠੰਡ ਅਤੇ ਧੁੰਦ ਕਾਰਣ ਪੰਜਾਬ ਵਿਚ ਵੀ ਠੰਡ ਦਾ ਕਹਿਰ ਜਾਰੀ ਹੈ। ਪੰਜਾਬ ’ਚ ਸ਼ਨਿਚਰਵਾਰ ਨੂੰ ਵੀ ਬਰਫ਼ੀਲੀਆਂ ਹਵਾਵਾਂ ਵਿਚਾਲੇ ਅਤਿ ਸੰਘਣੀ ਧੁੰਦ ਹਾਵੀ ਰਹੀ। ਧੁੰਦ ਕਾਰਨ ਦਿਸਣ ਹੱਦ ਸਿਫ਼ਰ ਤੱਕ ਰਹੀ ਤੇ ਦਿਨ ਦੇ ਤਾਪਮਾਨ ’ਚ ਛੇ ਤੋਂ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ, ਹੁਸ਼ਿਆਰਪੁਰ, ਰੋਪੜ, ਲੁਧਿਆਣਾ, ਪਟਿਆਲਾ, ਮੋਗਾ, ਜਲੰਧਰ ਸਮੇਤ ਹੋਰ ਜ਼ਿਲਿ੍ਹਆਂ ’ਚ ਸਵੇਰੇ ਅੱਠ ਵਜੇ ਤੱਕ ਸੰਘਣੀ ਧੁੰਦ ਕਾਰਨ ਦਿਸਣ ਹੱਦ ਸਿਫ਼ਰ ਦਰਜ ਕੀਤੀ ਗਈ। ਇਸ ਤੋਂ ਬਾਅਦ ਵੀ ਸਵੇਰੇ ਨੌਂ ਤੋਂ ਦਸ ਵਜੇ ਤੱਕ ਦਿਸਣ ਹੱਦ 50 ਤੋਂ 100 ਮੀਟਰ ਤੱਕ ਦਰਜ ਕੀਤੀ ਗਈ। ਕਈ ਜ਼ਿਲਿ੍ਹਆਂ ’ਚ ਸਾਰਾ ਦਿਨ ਧੁੱਪ ਨਹੀਂ ਨਿਕਲੀ ਤੇ ਦਸ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਰਫ਼ੀਲੀਆਂ ਹਵਾਵਾਂ ਚੱਲੀਆਂ। ਧੁੱਪ ਨਾ ਨਿਕਲਣ ਕਾਰਨ, ਧੁੰਦ ਤੇ ਠੰਢੀਆਂ ਹਵਾਵਾਂ ਕਾਰਨ ਪੰਜਾਬ ਦੇ ਕੁਝ ਜ਼ਿਲਿ੍ਹਆਂ ’ਚ ਠਾਰ ਦੇਣ ਵਾਲੀ ਠੰਢ ਰਹੀ। ਇਹ ਜ਼ਿਲ੍ਹੇ ਸ਼ਿਮਲਾ, ਧਰਮਸ਼ਾਲਾ, ਕਸੌਲੀ ਸਮੇਤ ਹਿਮਾਚਲ ਦੇ ਦੂਜੇ ਜ਼ਿਲਿ੍ਹਆਂ ਦੇ ਮੁਕਾਬਲੇ ਦਿਨ ’ਚ ਕਾਫ਼ੀ ਠੰਢੇ ਰਹੇ।

