ਫਰੀਦਕੋਟ : 
ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਪਿੰਡ ਜਲਾਲੇਆਣਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਅੰਗ ਪਾੜਨ ਦੇ ਦੋਸ਼ ਹੇਠ ਦੋ ਔਰਤਾਂ ਨੂੰ ਨਾਮਜ਼ਦ ਕਰ ਕੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿਚ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 7 ਸਾਲ ਤੋਂ ਗੁਰਦੁਆਰਾ ਸਿੰਘ ਸਭਾ ਪਿੰਡ ਜਲਾਲੇਆਣਾ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸ ਦੇ ਪਿਤਾ ਹਰਬੰਸ ਸਿੰਘ ਮੁੱਖ ਗ੍ਰੰਥੀ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਹਨ। ਸ਼ਿਕਾਇਤ ਕਰਤਾ ਮੁਤਾਬਕ ਜਦ ਉਸ ਦੇ ਪਿਤਾ ਪਿੰਡ ਵਿਚ ਕਿਸੇ ਘਰ ਪਾਠ ਕਰਨ ਲਈ ਗਏ ਸਨ ਤਾਂ ਪਿੰਡ ਦੀਆਂ ਦੋ ਵਿਆਹੁਤਾ ਔਰਤਾਂ ਬਹਿਸ ਕਰਦੀਆਂ ‘ਸਹੁੰ ਖਾ-ਸਹੁੰ ਖਾ’ ਆਖਦੀਆਂ ਰੋਕਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਦਾਖਲ ਹੋ ਗਈਆਂ। ਬਹਿਸ ਕਰਦੇ ਹੋਏ ਦੋਵਾਂ ਜਣੀਆਂ ਨੇ ਪਾਵਨ ਸਰੂਪ ’ਤੇ ਜੋਰ ਜੋਰ ਨਾਲ ਹੱਥ ਮਾਰੇ, ਰੁਮਾਲਾ ਸਾਹਿਬ ਅਤੇ ਖ਼ਾਲਸਾ ਤੀਰ ਹੇਠਾਂ ਡਿੱਗ ਪਏ ਅਤੇ ਰੋਕਣ ਤੋਂ ਬਾਅਦ ਉਹ ਗੁਰਦੁਆਰੇ ਵਿੱਚੋਂ ਬਹਿਸ ਕਰਦੀਆਂ ਬਾਹਰ ਚਲੀਆਂ ਗਈਆਂ। ਰੌਲਾ ਸੁਣ ਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਦੇਖਿਆ ਕਿ ਪਾਵਨ ਸਰੂਪ ਦੇ ਪੰਜ ਅੰਗ ਫਟੇ ਹੋਏ ਸਨ। ਡੀਐੱਸਪੀ ਸੰਜੀਵ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਔਰਤਾਂ ਨੂੰ ਨਾਮਜ਼ਦ ਕਰ ਕੇ ਹਿਰਾਸਤ ਵਿੱਚ ਲੈ ਲਿਆ ਹੈ।

