ਸ਼ਿਮਲਾ 1 ਸਤੰਬਰ ਮੇਜਰ ਟਾਈਮ ਬਿਉਰੋ :
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਣ ਕਈ ਘਟਨਾਵਾਂ ਸਾਹਮਣੇ ਆ ਰਹੀਆਾਂ ਹਨ। ਇਸ਼ ਦੌਰਾਨ ਜਿਥੇ ਹਿਮਾਚਲ ਪ੍ਰਦੇਸ਼ ਆਤੇ ਜਮੂ ਕਸ਼ਮੀਰ ਵਿਚ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਹੀ ਪੰਜਾਬ ਵਿਚ ਵੀ ਹੜ੍ਹ ਆਏ ਹਨ। ਹਿਮਾਚਲ ਪ੍ਰਦੇਸ਼ ਵਿਚ ਅਗਸਤ ਵਿਚ ਆਮ ਤੋਂ 72 ਫ਼ੀਸਦ ਵੱਧ ਬਰਸਾਤ ਨੇ ਤਬਾਹੀ ਮਚਾਈ ਹੈ। ਅਗਸਤ ਵਿਚ ਆਮ ਬਰਸਾਤ 256.8 ਮਿਲੀਮੀਟਰ ਹੁੰਦੀ ਹੈ ਜਦਕਿ ਇਸ ਵਾਰ 440.8 ਮਿਲੀਮੀਟਰ ਬਰਸਾਤ ਹੋਈ। ਚਾਰ ਸਾਲਾਂ ਵਿਚ ਇਸ ਵਾਰ ਬਾਦਲ ਫਟਣ ਦੀ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ। ਇਸ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੱਧ ਗਈਆਂ ਹਨ ਅਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਪਹਿਲਾਂ 20 ਤੋਂ 25 ਬਾਦਲ ਫਟਣ ਦੀਆਂ ਘਟਨਾਵਾਂ ਹੁੰਦੀਆਂ ਸਨ ਪਰ ਇਸ ਵਾਰ ਮਾਨਸੂਨ ਵਿਚ ਹੁਣ ਤੱਕ 45 ਘਟਨਾਵਾਂ ਵਾਪਰ ਚੁੱਕੀਆਂ ਹਨ। ਸਤੰਬਰ ਵਿਚ ਵੀ ਬਰਸਾਤ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਪਹਿਲੀ ਤੋਂ ਤਿੰਨ ਸਤੰਬਰ ਤੱਕ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।ਅਗਸਤ ਵਿਚ ਸਭ ਤੋਂ ਵੱਧ ਬਰਸਾਤ ਊਨਾ ਜ਼ਿਲ੍ਹੇ ਵਿਚ 823.6 ਮਿਲੀਮੀਟਰ ਹੋਈ ਹੈ, ਜੋ ਆਮ ਤੋਂ 121 ਫ਼ੀਸਦ ਵੱਧ ਹੈ। ਫ਼ੀਸਦ ਦੇ ਆਧਾਰ ’ਤੇ ਸਭ ਤੋਂ ਵੱਧ ਬਰਸਾਤ ਕੁੱਲੂ ਜ਼ਿਲ੍ਹੇ ਵਿਚ 472.9 ਮਿਲੀਮੀਟਰ ਹੋਈ ਹੈ, ਜੋ ਆਮ ਬਰਸਾਤ 180.2 ਮਿਲੀਮੀਟਰ ਤੋਂ 162 ਫ਼ੀਸਦ ਵੱਧ ਹੈ। ਮੰਡੀ ਵਿਚ ਆਮ ਤੋਂ 72 ਫ਼ੀਸਦ , ਸ਼ਿਮਲਾ ਵਿਚ 126, ਚੰਬਾ ਵਿਚ 104 ਫ਼ੀਸਦ ਵੱਧ ਬਰਸਾਤ ਹੋਈ। ਜ਼ਿਲ੍ਹੇ ਕਿਨੌਰ ਅਤੇ ਲਾਹੁਲ ਸਪੀਤੀ ਵਿਚ ਵੀ ਇਸ ਵਾਰ ਆਮ ਤੋਂ ਵੱਧ ਬਰਸਾਤ ਦਰਜ ਕੀਤੀ ਗਈ। ਪਿਛਲੇ ਸਾਲਾਂ ਵਿਚ ਆਮ ਤੌਰ ’ਤੇ ਇਨ੍ਹਾਂ ਦੋ ਜ਼ਿਲ੍ਹਿਆਂ ਵਿਚ ਆਮ ਤੋਂ ਘੱਟ ਬਰਸਾਤ ਦਰਜ ਕੀਤੀ ਜਾਂਦੀ ਰਹੀ ਹੈ। ਸੂਬੇ ਵਿਚ ਜੂਨ ਵਿਚ 40 ਕਰੋੜ, ਜੁਲਾਈ ਵਿਚ 1287 ਕਰੋੜ ਅਤੇ ਅਗਸਤ ਵਿਚ 1713 ਕਰੋੜ ਰੁਪਏ ਦਾ ਨੁਕਸਾਨ ਅੰਕੜਾ ਲਗਾਇਆ ਗਿਆ ਹੈ। 166 ਲੋਕਾਂ ਦੀ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਹੋਰ ਕਾਰਨਾਂ ਨਾਲ ਮੌਤ ਹੋਈ ਹੈ। ਮੌਸਮ ਵਿਭਾਗ ਨੇ ਪਹਿਲੀ ਸਤੰਬਰ ਨੂੰ ਊਨਾ, ਕਾਂਗੜਾ, ਬਿਲਾਸਪੁਰ, ਸ਼ਿਮਲਾ, ਸਿਰਮੌਰ ਜ਼ਿਲ੍ਹੇ ਵਿਚ ਬਹੁਤ ਭਾਰੀ ਬਰਸਾਤ ਦੀ ਚਿਤਾਵਨੀ ਦਿੱਤੀ ਹੈ। ਦੋ ਸਤੰਬਰ ਨੂੰ ਮੰਡੀ, ਕੁੱਲੂ, ਕਾਂਗੜਾ ਜ਼ਿਲ੍ਹੇ ਵਿਚ ਬਹੁਤ ਭਾਰੀ ਤੋਂ ਅਤਿ ਭਾਰੀ ਬਰਸਾਤ ਦਾ ਰੈੱਡ ਅਤੇ ਤਿੰਨ ਸਤੰਬਰ ਨੂੰ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹੇ ਵਿਚ ਭਾਰੀ ਬਰਸਾਤ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਵਿਚ ਚਾਰ ਕੌਮੀ ਸ਼ਾਹਰਾਹ (ਐਨਐਚ) ਸਮੇਤ 662 ਸੜਕਾਂ ਉੱਤੇ ਆਵਾਜਾਈ ਰੁਕੀ ਹੈ। 985 ਟ?ਰਾਂਸਫਾਰਮਰ ਅਤੇ 495 ਪੀਣ ਦੇ ਪਾਣੀ ਦੀਆਂ ਯੋਜਨਾਵਾਂ ਠੱਪ ਹਨ। ਬੰਦ ਸੜਕਾਂ ਕਾਰਨ ਲੋਕਾਂ ਨੂੰ ਸੇਬ ਅਤੇ ਸਬਜ਼ੀਆਂ ਨੂੰ ਬਾਜ਼ਾਰ ਤੱਕ ਪਹੁੰਚਾਉਣਾ ਮੁਸ਼ਕਲ ਹੋ ਰਿਹਾ ਹੈ। ਮਨਾਲੀ ਵਿਚ ਛੋਟੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋਣ ਕਾਰਨ ਪੰਜਵੇਂ ਦਿਨ ਰੋਜ਼ਮਰ੍ਹਾ ਦਾ ਸਮਾਨ ਪਹੁੰਚਿਆ। ਮਨਾਲੀ-ਡੂੰਗਰੀ ਮਾਰਗ ਦੇਵਦਾਰ ਦਾ ਦਰੱਖਤ ਡਿਗਣ ਕਾਰਨ ਕਈ ਘੰਟੇ ਬੰਦ ਰਿਹਾ। ਇਕ ਰਾਹਗੀਰ ਨੂੰ ਸੱਟਾਂ ਲੱਗੀਆਂ ਹਨ। ਮਨਾਲੀ ਦਾ ਸੋਲੰਗ ਪਿੰਡ ਜ਼ਮੀਨ ਖਿਸਕਣ ਦੀ ਲਪੇਟ ਵਿਚ ਆ ਗਿਆ ਹੈ। 12 ਮਕਾਨ ਖਾਲੀ ਕਰਵਾਏ ਗਏ ਹਨ। ਚੱਟਾਨ ਡਿਗਣ ਕਾਰਨ ਕੁੱਲੂ ਜ਼ਿਲ੍ਹੇ ਦੀ ਗੜਸਾ ਘਾਟੀ ਦੇ ਪ੍ਰਾਇਮਰੀ ਸਕੂਲ ਆਸ਼ਨੀ ਦਾ ਭਵਨ ਖ਼ਰਾਬ ਹੋ ਗਿਆ। ਦ੍ਰੰਗ ਦੀ ਰੋਪਾ ਪੰਚਾਇਤ ਵਿਚ ਪਾਵਰ ਗ੍ਰਿਡ ਦੇ 400 ਕੇਵੀ ਡਬਲ ਫੀਡਰ ਦੇ ਦੋ ਟਾਵਰ ਡਿੱਗ ਗਏ। ਇਸ ਨਾਲ ਪੰਜਾਬ ਤੱਕ ਬਿਜਲੀ ਪ੍ਰਭਾਵਤ ਹੋਈ ਹੈ। ਪਠਾਨਕੋਟ-ਮੰਡੀ ਕੌਮੀ ਸ਼ਾਹਰਾਹ ਸੱਤ ਘੰਟੇ ਤੱਕ ਉਰਲਾ ਦੇ ਨੇੜੇ ਮਲਬਾ ਆਉਣ ਕਾਰਨ ਰੁਕਿਆ ਰਿਹਾ। ਕੀਰਤਪੁਰ-ਮਨਾਲੀ ਫੋਰਲੇਨ ’ਤੇ ਮੰਡੀ ਦੇ ਝਲੋਗੀ ਦੇ ਨੇੜੇ ਖ਼ਰਾਬ ਹਿੱਸੇ ਤੋਂ ਲੰਘ ਰਹੀ ਐਂਬੂਲੈਂਸ ਖਾਈ ਵਿਚ ਜਾ ਗਈ। ਪੁਲਿਸ ਤੇ ਲੋਕਾਂ ਨੇ ਡਰਾਈਵਰ ਨੂੰ ਬਾਹਰ ਕੱਢਿਆ।ਕਿਨੌਰ ਜ਼ਿਲ੍ਹੇ ਦੇ ਨਿਗੁਲਸਰੀ ਦੇ ਨੇੜੇ ਰਾਜਮਾਰਗ ਸ਼ਿਮਲਾ-ਰਿਕਾਂਗਪੀਓ ਦੂਜੇ ਦਿਨ ਵੀ ਬਹਾਲ ਨਹੀਂ ਹੋ ਸਕਿਆ। ਕਾਲਕਾ-ਸ਼ਿਮਲਾ ਰੇਲਮਾਰਗ ’ਤੇ ਜਾਬਲੀ ਤੋਂ ਸਨਵਾਰਾ ਦਰਮਿਆਨ ਜ਼ਮੀਨ ਖਿਸਕਣ ਹੋਣ ਕਾਰਨ ਡਾਊਨ ਮਿਕਸ ਟ?ਰੇਨ ਨੂੰ ਸਨਵਾਰਾ ਵਿਚ ਰੋਕਣਾ ਪਿਆ। ਟ?ਰੇਨ ਸਵਾ ਘੰਟਾ ਦੇਰੀ ਨਾਲ ਕਾਲਕਾ ਰਵਾਨਾ ਹੋਈ। ਪਾਉਂਟਾ ਸਾਹਿਬ-ਸ਼ਿਲਾਈ-ਗੁੰਮਾ ਕੌਮੀ ਸ਼ਾਹਰਾਹ ਤਿੰਨ ਘੰਟੇ ਬੰਦ ਰਿਹਾ। ਸ਼ਿਮਲਾ ਦੇ ਵਿਕਾਸ ਨਗਰ ਵਿਚ ਜ਼ਮੀਨ ਖਿਸਕਣ ਕਾਰਨ ਦੋ ਕਾਰਾਂ ਅਤੇ ਕਾਰਟਰੋਡ ’ਤੇ ਦਰੱਖਤ ਡਿਗਣ ਨਾਲ ਖੰਬਾ ਖੜੀ ਕਾਰ ’ਤੇ ਡਿਗ ਗਿਆ। ਕਾਂਗੜਾ ਜ਼ਿਲ੍ਹੇ ਦੇ ਬਲਾਹ ਕੋਟਲਾ ਵਿਚ ਪਹਾੜੀ ਖਿਸਕਣ ਕਾਰਨ ਮਲਬਾ ਦੋ ਲੋਕਾਂ ਦੇ ਮਕਾਨਾਂ ਵਿਚ ਗੁੱਸਿਆ। ਪੌਂਗ ਬੰਨ੍ਹ ਦਾ ਜਲ ਪੱਧਰ 1391 ਫੁੱਟ ਹੈ। ਵਿਭਾਗ ਨੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਜਲ ਪੱਧਰ 1400 ਫੀਟ ਪਹੁੰਚਿਆ ਤਾਂ ਪਾਣੀ ਖੁੱਲ੍ਹਾ ਛੱਡਿਆ ਜਾਵੇਗਾ। ਬਰਸਾਤ ਕਾਰਨ ਅਧਿਕਤਮ ਤਾਪਮਾਨ ਵਿਚ 12.5 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਈ ਹੈ। ਨਗਰੋਟਾ ਬਗਵਾਂ ਵਿਧਾਨ ਸਭਾ ਖੇਤਰ ਤਹਿਤ ਸਦਦੂਨ ਪੰਚਾਇਤ ਦੇ ਟੀਕਾ ਮਲੂੰਹ, ਨੇਰਾ ਵਿਚ ਪਹਾੜੀ ’ਤੇ ਬਕਰੀ ਚਰਾਉਂਦੀ ਔਰਤ ਦੀ ਚੱਟਾਨ ਤੋਂ ਫਿਸਲ ਕੇ 500 ਮੀਟਰ ਡੂੰਘਾਈ ਵਿਚ ਖੱਡ ਵਿਚ ਡਿਗਣ ਕਾਰਨ ਮੌਤ ਹੋ ਗਈ। ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ, ਅਚਾਨਕ ਬੰਨ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਹੈ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਲੋਕ ਨਦੀ-ਨਾਲਿਆਂ ਦੇ ਕਿਨਾਰੇ ਨਾ ਜਾਣ, ਬੇਮਤਲਬ ਯਾਤਰਾ ਤੋਂ ਬਚਣ ਅਤੇ ਜ਼ਮੀਨ ਖਿਸਕਣ ਸੰਭਾਵਤ ਖੇਤਰਾਂ ਤੋਂ ਦੂਰ ਰਹਿਣ। ਹੰਗਾਮੀ ਸਥਿਤੀ ਵਿਚ 1077 ’ਤੇ ਸੰਪਰਕ ਕਰੋ। ਸ਼ਿਮਲਾ, ਸੋਲਨ, ਸਿਰਮੌਰ ਤੇ ਬਿਲਾਸਪੁਰ ਜ਼ਿਲ੍ਹੇ ਦੇ ਸਾਰੇ ਸਿੱਖਿਆ ਅਦਾਰੇ ਪਹਿਲੀ ਸਤੰਬਰ ਨੂੰ ਬੰਦ ਰਹਿਣਗੇ। ਅਧਿਆਪਕ ਤੇ ਗੈਰ-ਅਧਿਆਪਕ ਅਮਲੇ ਨੂੰ ਸਿੱਖਿਆ ਸੰਸਥਾਵਾਂ ਵਿਚ ਆਉਣਾ ਹੋਵੇਗਾ।