ਮੁਜ਼ੱਫਰਪੁਰ : 
ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀਰਵਾਰ ਨੂੰ ਛਪਰਾ ਤੇ ਮੁੱਜ਼ਫਰਪੁਰ ’ਚ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਦੇ ਮਾਮਲੇ ’ਤੇ ਕਾਂਗਰਸ ਖ਼ਾਸ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੁਰੀ ਤਰ੍ਹਾਂ ਘੇਰਿਆ।ਛਪਰਾ ਦੇ ਹਵਾਈ ਅੱਡਾ ਮੈਦਾਨ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਇਸ ਮਾਮਲੇ ’ਚ ਨਿਸ਼ਾਨੇ ’ਤੇ ਲੈ ਲਿਆ। ਮੋਦੀ ਨੇ ਯਾਦ ਦਿਵਾਇਆ ਕਿ ਚੰਨੀ ਨੇ ਮੰਚ ਤੋਂ ਬਿਹਾਰ ਦੇ ਲੋਕਾਂ ਦਾ ਅਪਮਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ 2022 ’ਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ‘ਭਈਆਂ’ ਨੂੰ ਪੰਜਾਬ ’ਚ ਦਾਖ਼ਲ ਨਾ ਹੋਣ ਦੇਣ। ਮੋਦੀ ਨੇ ਕਿਹਾ ਕਿ ਉਸ ਵੇਲੇ ਰੈਲੀ ’ਚ ਗਾਂਧੀ ਪਰਿਵਾਰ ਦੀ ਇਕ ਮੈਂਬਰ ਵੀ ਉੱਥੇ ਹਾਜ਼ਰ ਸੀ, ਜੋ ਇਸ ਵੇਲੇ ਸੰਸਦ ’ਚ ਬੈਠਦੀ ਹੈ। ਉਹ ਮੰਚ ’ਤੇ ਖੜ੍ਹੀ ਹੋ ਕੇ ਮੁਸਕਰਾ ਰਹੀ ਸੀ। ਮੋਦੀ ਦਾ ਇਸ਼ਾਰਾ ਪ੍ਰਿਅੰਕਾ ਗਾਂਧੀ ਵੱਲ ਸੀ। ਇਸ ਤੋਂ ਇਲਾਵਾ ਮੋਦੀ ਨੇ ਕਿਹਾ ਕਿ ਹੁਣੇ ਲੰਘ ਕੇ ਗਏ ਛੱਠ ਪੂਜਾ ਦੇ ਮੁੱਦੇ ’ਤੇ ਆਰਜੇਡੀ ਤੇ ਕਾਂਗਰਸ ਦੇ ਲੋਕ ਬਿਹਾਰ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ। ਬਿਹਾਰ ਦੀ ਜਨਤਾ ਛਠੀ ਮਈਆ ਦਾ ਅਪਮਾਨ ਕਰਨ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰੇਗੀ।

