ਅੰਮ੍ਰਿਤਸਰ :
ਜੰਮੂ ਦੇ ਸਾਂਬਾ ਜਿਲ੍ਹੇ ਦੀ ਵਿਜੇਪੁਰ ਤਹਿਸੀਲ ਵਿਚ ਪੈਂਦੇ ਕੌਲਪੁਰ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੇ ਦਿਨੀਂ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਤੇਲ ਪਾ ਕੇ ਅਗਨ ਭੇਟ ਕਰਨ ਦੇ ਮਾਮਲੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੁਝ ਸਖਤ ਦਿਖਾਈ ਦੇ ਰਹੇ ਹਨ। ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਬੇਅਦਬੀਆਂ ਨੂੰ ਰੋਕਣ ਲਈ ਪ੍ਰਬੰਧਕ ਕਮੇਟੀ ਨੂੰ ਸਖਤ ਹਿਦਾਇਤਾਂ ਜਾਰੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਥੇਦਾਰ ਨੇ ਕਿਹਾ ਕਿ ਸਥਾਨਕ ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਸਕੱਤਰ ਮੈਂਬਰ, ਬਣਨ ਦੀ ਥਾਂ ਗੁਰੂ ਘਰ ਦੇ ਸੱਚੇ ਸੇਵਾਦਾਰ ਬਣੀਏ ਅਤੇ ਸੇਵਾ ਭਾਵਨਾ ਨਾਲ ਹਰ ਗੁਰਦੁਆਰਾ ਸਾਹਿਬ ਅੰਦਰ 24 ਘੰਟੇ ਪਹਿਰੇਦਾਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਪਹਿਰੇਦਾਰੀ ਲਾਜ਼ਮੀ ਹੈ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਵਿਚ ਢਿਲਾਈ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਪਸੀ ਝਗੜੇ, ਅਹੁਦੇਦਾਰੀਆਂ ਦੇ ਵਿਵਾਦਾਂ ਨਾਲ ਜੁੜੇ ਬਹੁਤ ਮਾਮਲੇ ਆਉਂਦੇ ਹਨ, ਲੋੜ ਹੈ ਕਿ ਇਨ੍ਹਾਂ ਮਾਮਲਿਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਮਾਣ ਸਤਿਕਾਰ ਲਈ ਅਹੁਦੇਦਾਰੀਆਂ ਦੀਆਂ ਲਾਲਸਾਵਾਂ ਛੱਡ ਕੇ ਸੱਚੇ ਦਿਲੋਂ ਸੇਵਾਦਾਰ ਬਣ ਕੇ ਸੇਵਾਦਾਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜਲਦ ਹੀ ਬੇਅਦਬੀਆਂ ਨੂੰ ਰੋਕਣ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪ੍ਰਬੰਧਕ ਕਮੇਟੀਆਂ ਨੂੰ ਸਖਤ ਹਦਾਇਤਾ ਕੀਤੀਆਂ ਜਾਣਗੀਆਂ ਅਤੇ ਕਮੇਟੀ ਮੈਂਬਰਾਂ ਵਿਚ ਵਾਧੇ ਦੀ ਸ਼ਿਫਾਰਸ਼ ਕਰਦਿਆਂ ਇਸ ਨੂੰ 31 ਮੈਂਬਰੀ ਕਰਕੇ ਹਰ ਦਿਨ ਇਕ ਮੈਂਬਰ ਗੁਰੂ ਘਰ ਵਿਚ ਹਾਜਰ ਰਹਿ ਕੇ 24 ਘੰਟੇ ਪਹਿਰੇਦਾਰੀ ਯਕੀਨੀ ਬਣਾਉਂਣ ਵਿਚ ਆਪਣੀ ਸੇਵਾ ਨਿਭਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲਾਪਰਵਾਹੀ ਕਾਰਨ ਜੇਕਰ ਬੇਅਦਬੀ ਸਾਹਮਣੇ ਆਉਂਦੀ ਹੈ ਤਾਂ ਪ੍ਰਬੰਧਕ ਕਮੇਟੀ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।