-ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ ਤੰਗ-ਪਰੇਸ਼ਾਨ ਕਰ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਮਾਰੀ ਜਾ ਰਹੀ ਲੱਤ : ਧੀਮਾਨ
ਲੁਧਿਆਣਾ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਅੱਜ ਭਾਜਪਾ ਦੇ ਮੁੱਖ ਜ਼ਿਲ੍ਹਾ ਦਫਤਰ ਦੁੱਗਰੀ ਰੋਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ ਇਕਰੋਚਮੈਂਟ ਦੇ ਨਾਂ ’ਤੇ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ, ਜੋ ਸਾਲਾਂ ਤੋਂ ਏਸੀ ਦਫ਼ਤਰਾਂ ’ਚ ਬੈਠੇ ਅੱਖਾਂ ਬੰਦ ਕਰ ਕੇ ਸ਼ਹਿਰ ਦੀਆਂ ਸਮੱਸਿਆਵਾਂ ‘ਤੇ ਚੁੱਪ ਵੱਟੀ ਬੈਠੇ ਸਨ, ਹੁਣ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਦਿਵਾਲੀ ਦੇ ਮੌਕੇ ‘ਤੇ ਛੋਟੇ ਦੁਕਾਨਦਾਰਾਂ, ਰੇਹੜੀ ਫੜ੍ਹੀ ਵਾਲਿਆਂ ਅਤੇ ਮਿਹਨਤੀ ਵਰਗ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਧੀਮਾਨ ਨੇ ਤਿੱਖੇ ਸ਼ਬਦਾਂ ’ਚ ਕਿਹਾ ਕਿ ਨਿਗਮ ਦੀ ਇਹ ਕਾਰਵਾਈ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਸਿੱਧੀ ਸੱਟ ਹੈ। ਜਿਹੜੇ ਲੋਕ ਸਾਲ ਭਰ ਮਿਹਨਤ ਕਰਦੇ ਹਨ, ਉਹ ਤਿਉਹਾਰ ਦੇ ਮੌਕੇ ‘ਤੇ ਕੁਝ ਵੱਧ ਕਮਾਈ ਦੀ ਉਮੀਦ ਰੱਖਦੇ ਹਨ ਪਰ ਹੁਣ ਉਹਨਾਂ ਨੂੰ ਧੱਕੇ ਮਾਰ ਕੇ, ਰੇਹੜੀਆਂ ਜ਼ਬਤ ਕਰਕੇ ਅਤੇ ਰਿਸ਼ਵਤ ਦੀ ਮੰਗ ਕਰਕੇ ਉਨ੍ਹਾਂ ਦੇ ਅਰਮਾਨ ਤੋੜੇ ਜਾ ਰਹੇ ਹਨ। ਉਨ੍ਹਾਂ ਨਗਰ ਨਿਗਮ ਦੀ ਕਾਰਜਕਾਰੀ ਨੂੰ ਘਟੀਆ ਤੇ ਦਿਖਾਵਟੀ ਕਰਾਰ ਦਿੰਦਿਆਂ ਕਿਹਾ ਕਿ ਸ਼ਹਿਰ ਦੀ ਸਫ਼ਾਈ, ਟ੍ਰੈਫਿਕ ਪ੍ਰਬੰਧ ਅਤੇ ਗਲੀ-ਮੁਹੱਲਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਅਧਿਕਾਰੀ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਗ਼ਰੀਬਾਂ ‘ਤੇ ਜ਼ੁਲਮ ਕਰ ਰਹੇ ਹਨ। ਇਸ ਮੌਕੇ ਰਜਨੀਸ਼ ਧੀਮਾਨ ਨਾਲ ਭਾਜਪਾ ਦੇ ਸੀਨੀਅਰ ਆਗੂ ਨਵਲ ਜੈਨ, ਡਾ. ਸਤੀਸ਼ ਕੁਮਾਰ ਨੇ ਵੀ ਇਸ਼ਾਰਿਆਂ-ਇਸ਼ਾਰਿਆਂ ’ਚ ਸੂਬਾ ਸਰਕਾਰ ’ਤੇ ਵੀ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਮੌਜੂਦਾ ਸਰਕਾਰ ਲੋਕਾਂ ਦੀ ਭਲਾਈ ਦੀ ਥਾਂ ਰਿਸ਼ਵਤਖੋਰੀ ਤੇ ਮਨਮਾਨੀ ਨੂੰ ਤਰਜੀਹ ਦੇਵੇ, ਉਦੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਉਮੀਦ ਕਰਨੀ ਵਿਅਰਥ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਛੋਟੇ ਕਾਰੋਬਾਰੀ ਤੇ ਰੇਹੜੀ ਫੜ੍ਹੀ ਵਾਲਿਆਂ ਨਾਲ ਹੋ ਰਹੀ ਜ਼ਿਆਦਤੀ ਤੁਰੰਤ ਨਾ ਰੋਕੀ ਗਈ ਤਾਂ ਭਾਜਪਾ ਸੜਕਾਂ ‘ਤੇ ਉਤਰ ਕੇ ਇਸ ਗ਼ਲਤ ਪ੍ਰਸ਼ਾਸਕੀ ਰਵੱਈਏ ਦੇ ਖ਼ਿਲਾਫ਼ ਸੰਗਠਿਤ ਅੰਦੋਲਨ ਸ਼ੁਰੂ ਕਰੇਗੀ। ਧੀਮਾਨ ਅਤੇ ਆਗੂਆਂ ਨੇ ਸ਼ਹਿਰ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਿਉਹਾਰ ਦੇ ਮੌਕੇ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਭ ਵਰਗਾਂ ਲਈ ਦਿਵਾਲੀ ਖੁਸ਼ੀਆਂ ਵਾਲੀ ਬਣੇ।