ਇੰਡੋ-ਨੇਪਾਲ ਬਾਰਡਰਗੋਇਆ ਸੀਲ,
ਕਿਸ਼ਨਗੰਜ ਮੇਜਰ ਟਾਈਮਸ ਬਿਉਰੋ:
ਨੇਪਾਲ ’ਚ ਲਗਾਤਾਰ ਵਿਗੜ ਰਹੇ ਹਾਲਾਤ ਕਾਰਨ ਭਾਰਤੀ ਸਰਹੱਦ ਤਕ ਚਿੰਤਾ ਪੈਦਾ ਹੋ ਗਈ ਹੈ। ਭਾਰਤ ਨੇ ਸਰਹੱਦ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸਰਹੱਦ ਨਾਲ ਲਗਦੇ ਨੇਪਾਲ ਦੇ ਝਾਪਾ ਜ਼ਿਲ੍ਹੇ ਅਤੇ ਆਸਪਾਸ ਦੇ ਇਲਾਕਿਆਂ ’ਚ ਹਿੰਸਕ ਅੰਦੋਲਨ ਤੇ ਪੁਲਿਸ-ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਤੋਂ ਬਾਅਦ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਨੇਪਾਲ ਦੀ ਫੌਜ ਨੇ ਹੁਣ ਕਮਾਨ ਸੰਭਾਲ ਲਈ ਹੈ। ਸਥਾਨਕ ਪ੍ਰਸ਼ਾਸਨ ਨੇ ਨੇਪਾਲ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਜ਼ਰੂਰਤ ਦੇ ਘਰੋਂ ਬਾਹਰ ਨਾ ਨਿਕਲਣ ਤੇ ਸੁਰੱਖਿਅਤ ਰਹਿਣ।ਨੇਪਾਲ ’ਚ ਜਾਰੀ ਹਿੰਸਾ ਦਾ ਅਸਰ ਭਾਰਤ ਦੇ ਕਿਸ਼ਨਗੰਜ ਜ਼ਿਲ੍ਹੇ ਨਾਲ ਲਗਦੀਆਂ ਸਰਹੱਦੀ ਚੌਕੀਆਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਗਲਗਲੀਆ ਟ੍ਰਾਂਜ਼ਿਟ ਪੁਆਇੰਟ ਨੂੰ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਹੁਕਮ ਮੁਤਾਬਕ ਸਾਰੀਆਂ ਸਰਹੱਦੀ ਚੌਕੀਆਂ ’ਤੇ ਭਾਰਤੀ ਨਾਗਰਿਕਾਂ ਦਾ ਨੇਪਾਲ ’ਚ ਦਾਖਲਾ ਅਗਲੇ ਹੁਕਮ ਤਕ ਰੋਕ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਨੇਪਾਲ ’ਚ ਵਿਗੜ ਰਹੀ ਸਥਿਤੀ ਨੂੰ ਦੇਖਦੇ ਹੋਏ ਭਾਰਤ-ਨੇਪਾਲ ਸਰਹੱਦ ’ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਕਿਸ਼ਨਗੰਜ ਜ਼ਿਲ੍ਹੇ ਦੀਆਂ ਸਰਹੱਦੀ ਚੌਕੀਆਂ ’ਤੇ ਵਾਧੂ ਬਲ ਤਾਇਨਾਤ ਕਰ ਦਿੱਤੇ ਗਏ ਹਨ। ਸ਼ਸਤਰ ਸੀਮਾ ਬਲ (SS2) ਨੇ ਸਰਹੱਦ ’ਤੇ ਗਸ਼ਤ ਤੇਜ਼ ਕਰ ਦਿੱਤੀ ਹੈ ਅਤੇ ਹਰ ਆਵਾਜਾਈ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਨੇਪਾਲ ਦੀ ਹਿੰਸਾ ਦਾ ਅਸਰ ਭਾਰਤ ਦੇ ਸਰਹੱਦੀ ਖੇਤਰ ਤਕ ਨਾ ਪਹੁੰਚ ਸਕੇ। ਇਸ ਲਈ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਗਈ ਹੈ।
ਵਿਦੇਸ਼ ਮੰਤਰਾਲੇ ਦੀ ਐਡਵਾਈਜ਼ਰੀ
ਭਾਰਤ ਸਰਕਾਰ ਨੇ ਵੀ ਨੇਪਾਲ ਦੇ ਹਾਲਾਤ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਫਿਲਹਾਲ ਨੇਪਾਲ ਯਾਤਰਾ ਨੂੰ ਰੋਕਣ ਦੀ ਅਪੀਲ ਕੀਤੀ ਹੈ। ਜੋ ਭਾਰਤੀ ਪਹਿਲਾਂ ਹੀ ਨੇਪਾਲ ’ਚ ਮੌਜੂਦ ਹਨ, ਉਨ੍ਹਾਂ ਨੂੰ ਘਰੋਂ ਬਾਹਰ ਨਾ ਨਿਕਲਣ, ਸਥਾਨਕ ਪ੍ਰਸ਼ਾਸਨ ਦੀ ਸਲਾਹ ਮੰਨਣ ਤੇ ਭਾਰਤੀ ਦੂਤਘਰ, ਕਾਠਮੰਡੂ ਦੇ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਗਈ ਹੈ।
ਸਰਹੱਦੀ ਭਾਰਤੀ ਬਾਜ਼ਾਰਾਂ ’ਤੇ ਅਸਰ
ਨੇਪਾਲ ’ਚ ਹਿੰਸਾ ਅਤੇ ਬਾਰਡਰ ਸੀਲ ਹੋਣ ਦਾ ਅਸਰ ਭਾਰਤੀ ਇਲਾਕਿਆਂ ’ਚ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਕਿਸ਼ਨਗੰਜ ਜ਼ਿਲ੍ਹੇ ਦੇ ਸਰਹੱਦੀ ਬਾਜ਼ਾਰਾਂ- ਗਲਗਲੀਆ, ਥਾਕੁਰਗੰਜ, ਕਾਦੋਗਾਂਵ, ਪੌਆਖਾਲੀ, ਕੱਦੂਭਿੱਟਾ ਅਤੇ ਦਿਗਲਬੈਂਕ ’ਚ ਨੇਪਾਲੀ ਨਾਗਰਿਕਾਂ ਦੀ ਆਵਾਜਾਈ ਲਗਪਗ ਰੁਕ ਗਈ ਹੈ। ਇਸ ਨਾਲ ਬਾਜ਼ਾਰਾਂ ਦੀ ਰੌਣਕ ਫੀਕੀ ਪੈ ਗਈ ਹੈ ਅਤੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਪ੍ਰਸ਼ਾਸਨ ਨੇ ਕੀਤੀ ਅਪੀਲ
ਐਸਐਸਬੀ ਤੇ ਸਥਾਨਕ ਪ੍ਰਸ਼ਾਸਨ ਨੇ ਭਾਰਤ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਬਰ ਬਣਾਈ ਰੱਖਣ ਤੇ ਜਦ ਤਕ ਨੇਪਾਲ ’ਚ ਸਥਿਤੀ ਸਧਾਰਨ ਨਹੀਂ ਹੋ ਜਾਂਦੀ, ਤਦ ਤਕ ਨੇਪਾਲ ਯਾਤਰਾ ਤੋਂ ਬਚਣ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੀਮਾ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਵਾਧੂ ਬਲਾਂ ਦੀ ਤੈਨਾਤੀ ਨਾਲ ਹਾਲਾਤ ’ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।