ਨਵੀਂ ਦਿੱਲੀ : 
ਭਾਰਤ ਤੇ ਅਮਰੀਕਾ ਵਿਚਾਲੇ ਕਾਰੋਬਾਰੀ ਮੁੱਦਿਆਂ ਨੂੰ ਸੁਲਝਾਉਣ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੇ ਅਹਿਮ ਪੜਾਅ ’ਚ ਪਹੁੰਚਣ ਦੇ ਸੰਕੇਤ ਹਨ। ਭਾਰਤ ਵੀ ਅਮਰੀਕਾ ਨਾਲ ਛੇਤੀ ਸਮਝੌਤਾ ਟੈਰਿਫ ਵਿਵਾਦ ਦਾ ਨਿਪਟਾਰਾ ਕਰਨ ਲਈ ਉਤਸੁਕ ਹੈ। ਇਕ ਕਾਰਨ ਪਿਛਲੇ ਦੋ ਦਿਨਾਂ ’ਚ ਅਮਰੀਕਾ ਦਾ ਇਕੱਠੇ ਭਾਰਤੀ ਬਰਾਮਦ ਲਈ ਸਭ ਤੋਂ ਵੱਧ ਮੁਕਾਬਲੇਬਾਜ਼ ਦੇਸ਼ਾਂ ਮਲੇਸ਼ੀਆ, ਥਾਈਲੈਂਡ, ਕੰਬੋਡੀਆ ਤੇ ਵੀਅਤਨਾਮ ਨਾਲ ਕੀਤਾ ਗਿਆ ਸਮਝੌਤਾ ਵੀ ਹੈ। ਇਸ ਵਿਚਾਲੇ ਸੋਮਵਾਰ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ’ਚ ਹੋਈ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ’ਚ ਮਲੇਸ਼ੀਆ ’ਚ ਚੱਲ ਰਹੀ ਆਸਿਆਨ ਸੰਮੇਲਨ ਦੌਰਾਨ ਮੁਲਾਕਾਤ ਹੋਈ ਹੈ। ਇਸ ਵਿਚ ਦੁਵੱਲੇ ਹਿੱਤਾਂ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਗੱਲ ਹੋਣ ਦੇ ਸਬੰਧ ’ਚ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਭਾਰਤੀ ਦਰਾਮਦ ’ਤੇ 50 ਫ਼ੀਸਦੀ ਟੈਰਿਫ ਲਗਾਉਣ ਤੋਂ ਬਾਅਦ ਵਿਦੇਸ਼ ਮੰਤਰੀ ਜੈਸ਼ੰਕਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਰੂਬੀਓ ’ਚ ਇਹ ਪਹਿਲੀ ਮੁਲਾਕਾਤ ਹੈ। ਦੋਵਾਂ ਪਾਸਿਓਂ ਇਸ ਮੁਲਾਕਾਤ ਨੂੰ ਸਕਾਰਾਤਮਕ ਦੱਸਿਆ ਗਿਆ ਹੈ। ਜੈਸ਼ੰਕਰ ਤੇ ਰੂਬੀਓ ਦੀ ਇਹ ਮੁਲਾਕਾਤ ਕਾਰੋਬਾਰੀ ਮੁੱਦਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਣਜ ਮੰਤਰਾਲੇ ਦੇ ਅਧਿਕਾਰੀਆਂ ਵਿਚਾਲੇ ਤਿੰਨ ਦਿਨਾਂ ਤੱਕ ਚੱਲੀ ਮੀਟਿੰਗ ਦੇ ਕੁਝ ਹੀ ਦਿਨਾਂ ਬਾਅਦ ਹੋਈ ਹੈ। ਵਣਜ ਮੰਤਰਾਲੇ ਦੇ ਅਧਿਕਾਰੀਆਂ ਵਿਚ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਦਾ ਰੁਖ਼ ਬਦਲਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਕਹਿ ਰਹੇ ਹਨ ਕਿ ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤ ਵੱਲੋਂ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਹੈ। ਭਾਰਤੀ ਅਧਿਕਾਰੀਆਂ ਨੇ ਵੀ ਸੰਕੇਤ ਦਿੱਤੇ ਹਨ ਕਿ ਅਮਰੀਕਾ ਨਾਲ ਕਾਰੋਬਾਰੀ ਸਮਝੌਤੇ ਨੂੰ ਆਖ਼ਰੀ ਰੂਪ ਦੇਣ ’ਚ ਸਭ ਤੋਂ ਵੱਧ ਦੇਰੀ ਕਰਨਾ ਠੀਕ ਨਹੀਂ ਹੋਵੇਗਾ। ਪਿਛਲੇ ਦੋ ਦਿਨਾਂ ’ਚ ਮਲੇਸ਼ੀਆ ’ਚ ਆਸਿਆਨ ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਦੀ ਅਗਵਾਈ ’ਚ ਅਮਰੀਕੀ ਸਰਕਾਰ ਨੇ ਵੀਅਤਨਾਮ, ਮਲੇਸ਼ੀਆ, ਕੰਬੋਡੀਆ ਤੇ ਥਾਈਲੈਂਡ ਨਾਲ ਕਾਰੋਬਾਰੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਾਰੇ ਦੇਸ਼ ਆਲਮੀ ਕਾਰੋਬਾਰ ’ਚ ਭਾਰਤ ਦੇ ਅਹਿਮ ਮੁਕਾਬਲੇਬਾਜ਼ ਦੇਸ਼ ਹਨ। ਭਾਰਤੀ ਵਸਤਾਂ ਦਾ ਸਭ ਤੋਂ ਵੱਡਾ ਬਾਜ਼ਾਰ ਅਮਰੀਕਾ ਹੈ ਤੇ ਉਥੇ ਉਕਤ ਚਾਰੇ ਦੇਸ਼ਾਂ ਦੀਆਂ ਵਸਤਾਂ ਨਾਲ ਭਾਰਤੀ ਬਰਾਮਦਕਾਰਾਂ ਨੂੰ ਸਖ਼ਤ ਮੁਕਾਬਲਾ ਕਰਨਾ ਪੈਂਦਾ ਹੈ। ਸਮਝੌਤਾ ਹੋਣ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਅਮਰੀਕੀ ਬਾਜ਼ਾਰ ’ਚ ਆਪਣੀਆਂ ਵਸਤਾਂ ਨੂੰ ਵੇਚਣ ਲਈ ਭਾਰਤ ਤੋਂ ਕਾਫੀ ਘੱਟ ਟੈਕਸ ਦੇਣਾ ਪਵੇਗਾ। ਅਜਿਹੇ ’ਚ ਜਿੰਨੀ ਦੇਰੀ ਹੋਵੇਗੀ, ਭਾਰਤੀ ਬਰਾਮਦਕਾਰਾਂ ਨੂੰ ਓਨਾ ਹੀ ਨੁਕਸਾਨ ਝੱਲਣਾ ਪੈ ਸਕਦਾ ਹੈ। ਰੂਬੀਓ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ ਅੱਜ ਸਵੇਰੇ ਵਿਦੇਸ਼ ਸਕੱਤਰ ਰੂਬੀਓ ਨਾਲ ਮੁਲਾਕਾਤ ਹੋਈ। ਅਸੀਂ ਦੁਵੱਲੇ ਮੁੱਦਿਆਂ ਦੇ ਨਾਲ ਹੀ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਗੱਲ ਕੀਤੀ।
ਅੱਤਵਾਦ ਖ਼ਿਲਾਫ਼ ਆਤਮ-ਰੱਖਿਆ ’ਤੇ ਕੋਈ ਸਮਝੌਤਾ ਨਹੀਂ : ਜੈਸ਼ੰਕਰ
ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੋਮਵਾਰ ਨੂੰ 20ਵੇਂ ਈਸਟ ਏਸ਼ੀਆ ਸੰਮੇਲਨ (ਈਏਐੱਸ) ’ਚ ਅੱਤਵਾਦ ਨੂੰ ਲਗਾਤਾਰ ਨਸ਼ਟ ਕਰਨ ਵਾਲਾ ਖ਼ਤਰਾ ਦੱਸਦੇ ਹੋਏ ਆਲਮੀ ਭਾਈਚਾਰੇ ਨੂੰ ਇਸ ਪ੍ਰਤੀ ਜ਼ੀਰੋ ਟਾਲਰੈਂਸ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦ ਦੇ ਖ਼ਿਲਾਫ਼ ਆਤਮਰੱਖਿਆ ਦੇ ਅਧਿਕਾਰ ਨਾਲ ਕਦੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜੈਸ਼ੰਕਰ ਨੇ ਗੁੰਝਲਦਾਰ ਆਲਮੀ ਹਾਲਾਤ ’ਚ ਈਏਐੱਸ ਦੀ ਭੂਮਿਕਾ ਨੂੰ ਰੇਖਾਂਕਤ ਕਰਦੇ ਹੋਏ ਪੂਰਬੀ ਏਸ਼ਿਆਈ ਦੇਸ਼ਾਂ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਤੇ ਯੂਕਰੇਨ ਵਿਵਾਦ ਦੇ ਛੇਤੀ ਹੱਲ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਚੁਣੌਤੀਪੂਰਨ ਸਮੇਂ ’ਚ ਹੋ ਰਹੀ ਹੈ, ਜਿਥੇ ਸਪਲਾਈ ਚੇਨ ਦੀ ਭਰੋਸੇਯੋਗਤਾ ਤੇ ਬਾਜ਼ਾਰ ’ਚ ਪਹੁੰਚ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ। ਜੈਸ਼ੰਕਰ ਨੇ ਗਾਜ਼ਾ ਸ਼ਾਂਤੀ ਯੋਜਨਾ ਦਾ ਸਵਾਗਤ ਕਰਦੇ ਹੋਏ ਯੂਕਰੇਨ ਸੰਘਰਸ਼ ਦੇ ਛੇਤੀ ਖ਼ਤਮ ਹੋਣ ਦੀ ਕਾਮਨਾ ਕੀਤੀ। ਜੈਸ਼ੰਕਰ ਨੇ ਮਿਆਂਮਾਰ ਭੂਚਾਲ ’ਚ ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਦੇ ਤੌਰ ’ਤੇ ਭਾਰਤ ਦੀ ਭੂਮਿਕਾ ਨੂੰ ਸਾਹਮਣੇ ਰੱਖਿਆ। ਨਾਲ ਹੀ ਸਾਈਬਰ ਘੁਟਾਲਿਆਂ ’ਚ ਭਾਰਤੀ ਨਾਗਰਿਕਾਂ ਦੇ ਫਸਣ ’ਤੇ ਚਿੰਤਾ ਜ਼ਾਹਿਰ ਕੀਤੀ। ਯਾਦ ਰਹੇ ਕਿ ਕੰਬੋਡੀਆ, ਮਿਆਂਮਾਰ ਵਰਗੇ ਦੇਸ਼ਾਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਉਥੇ ਬਾਰਤੀ ਨਾਗਰਿਕਾਂ ਨੂੰ ਗ਼ਲਤ ਸੂਚਨਾ ਦੇ ਆਧਾਰ ’ਤੇ ਰੁਜ਼ਗਾਰ ਦੇਣ ਦੇ ਨਾਂ ’ਤੇ ਸੱਦਿਆ ਜਾਂਦਾ ਹੈ ਤੇ ਉਨ੍ਹਾਂ ਤੋਂ ਸਾਈਬਰ ਅਪਰਾਧ ਕਰਵਾਇਆ ਜਾਂਦਾ ਹੈ।

