ਨਵੀਂ ਦਿੱਲੀ 
ਦੇਸ਼ ਵਿਚ ਬੁਲਟ ਟ੍ਰੇਨ ਚਲਾਉਣ ਦਾ ਸੁਪਨਾ ਜਲਦੀ ਪੂਰਾ ਹੋਣ ਜਾ ਰਿਹਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਨਵੇਂ ਸਾਲ ਦੇ ਪਹਿਲੇ ਦਿਨ ਦੇਸ਼ਵਾਸੀਆਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਇਸ ਦੀ ਤਰੀਕ ਦਾ ਐਲਾਨ ਕਰਦਿਆਂ ਉਨ੍ਹਾਂ ਦੱਸਿਆ ਕਿ 15 ਅਗਸਤ 2027 ਤੋਂ ਦੇਸ਼ ਵਿਚ ਬੁਲਟ ਟ੍ਰੇਨ ਦੌੜਣ ਲੱਗੇਗੀ। ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਅਗਲੇ ਸਾਲ ਦੇ ਆਜ਼ਾਦੀ ਦਿਹਾੜੇ ਮੌਕੇ ਬੁਲਟ ਟ੍ਰੇਨ ਦੀ ਸਵਾਰੀ ਕਰਨ ਲਈ ਹੁਣੇ ਹੀ ਟਿਕਟ ਖ਼ਰੀਦ ਲਓ। ਪਹਿਲੇ ਪੜਾਅ ਵਿਚ ਸੂਰਤ ਤੋਂ ਵਾਪੀ ਦਰਮਿਆਨ 100 ਕਿਮੀ ਦੀ ਦੂਰੀ ’ਚ ਇਹ ਟ੍ਰੇਨ ਚਲਾਈ ਜਾਵੇਗੀ।ਬੁਲਟ ਟ੍ਰੇਨ ਵਿਚ ਸਫ਼ਰ ਕਰਨ ਦਾ ਸੁਪਨਾ ਦੇਖਦੇ ਹੋਏ ਹਰ ਭਾਰਤੀ ਟ੍ਰੇਨ ਚੱਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਹ ਟ੍ਰੇਨ ਨਾ ਸਿਰਫ਼ ਗੌਰਵ ਦਾ ਪ੍ਰਤੀਕ ਹੈ ਸਗੋਂ ਬਦਲਦੇ ਭਾਰਤ ਦੀ ਤਸਵੀਰ ਵੀ ਬਿਆਨ ਕਰੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਬੁਲਟ ਟ੍ਰੇਨ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਚਲਾਉਣ ਦੀ ਯੋਜਨਾ ਹੈ। ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਦੋਵਾਂ ਮੈਟਰੋ ਸ਼ਹਿਰਾਂ ਦਰਮਿਆਨ 508 ਕਿਮੀ ਦਾ ਸਫ਼ਰ ਦੋ ਘੰਟੇ 17 ਮਿੰਟਾਂ ਵਿਚ ਪੂਰਾ ਕੀਤਾ ਜਾ ਸਕੇਗਾ। ਬੁਲਟ ਟ੍ਰੇਨ ਪ੍ਰੋਜੈਕਟ ਦਾ ਲਗਪਗ 55 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਪਿਛਲੇ ਸਾਲ ਨਵੰਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿਚ ਪ੍ਰੋਜੈਕਟ ਦੀ ਸਮੀਖਿਆ ਵੀ ਕੀਤੀ ਸੀ। ਪੂਰੇ ਰੂਟ ਵਿਚ 352 ਕਿਮੀ ਹਿੱਸਾ ਗੁਜਰਾਤ ਅਤੇ ਦਾਦਰਾ ਤੇ ਨਗਰ ਹਵੇਲੀ ਦਰਮਿਆਨ ਅਤੇ 156 ਕਿਮੀ ਮਹਾਰਾਸ਼ਟਰ ਵਿਚ ਪੈਂਦਾ ਹੈ। ਪ੍ਰੋਜੈਕਟ ਨੂੰ ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨਐੱਚਐੱਸਆਰਸੀਐੱਲ) ਜਾਪਾਨ ਦੇ ਸਹਿਯੋਗ ਨਾਲ ਤਿਆਰ ਕਰਵਾ ਰਿਹਾ ਹੈ। ਇਹ ਟ੍ਰੇਨ ਜਾਪਾਨ ਦੀ ਸ਼ਿੰਕਾਨਸੇਨ ਹਾਈ-ਸਪੀਡ ਟ੍ਰੇਨ ਦੀ ਤਰਜ਼ ’ਤੇ ਚੱਲੇਗੀ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 320 ਕਿਮੀ ਪ੍ਰਤੀ ਘੰਟਾ ਹੋਵੇਗੀ। ਪੂਰੇ ਪ੍ਰੋਜੈਕਟ ਵਿਚ ਕੁੱਲ 12 ਸਟੇਸ਼ਨ ਪੈਂਦੇ ਹਨ ਜਿਸ ਵਿਚ ਅਹਿਮਦਾਬਾਦ, ਵੜੋਦਰਾ, ਭੜੂਚ, ਸੂਰਤ, ਵਾਪੀ, ਠਾਣੇ ਤੇ ਮੁੰਬਈ ਪ੍ਰਮੁੱਖ ਹਨ। ਪ੍ਰੋਜੈਕਟ ਦਾ 85 ਫ਼ੀਸਦੀ ਹਿੱਸਾ ਯਾਨੀ ਲਗਪਗ 465 ਕਿਮੀ ਐਲੀਵੇਟਿਡ ਹੋਵੇਗਾ ਜਿਸ ਵਿਚੋਂ 326 ਕਿਮੀ ਦਾ ਕੰਮ ਪੂਰਾ ਹੋ ਚੁੱਕਾ ਹੈ।
ਜਾਪਾਨ ’ਚ ਚੱਲੀ ਸੀ ਪਹਿਲੀ ਬੁਲਟ ਟ੍ਰੇਨ
ਚੀਨ, ਜਾਪਾਨ, ਸਪੇਨ, ਫਰਾਂਸ, ਜਰਮਨੀ, ਦੱਖਣੀ ਕੋਰੀਆ, ਇਟਲੀ ਤੇ ਤਾਇਵਾਨ ਵਿਚ ਬੁਲਟ ਟ੍ਰੇਨਾਂ ਚੱਲਦੀਆਂ ਹਨ। ਇਨ੍ਹਾਂ ਵਿਚ ਚੀਨ ਕੋਲ ਇਸ ਦਾ ਸਭ ਤੋਂ ਲੰਬਾ ਨੈੱਟਵਰਕ ਹੈ। ਜਾਪਾਨ ਨੇ 1964 ਵਿਚ ਸਭ ਤੋਂ ਪਹਿਲਾਂ ਬੁਲਟ ਟ੍ਰੇਨ ਦੀ ਸ਼ੁਰੂਆਤ ਕੀਤੀ ਸੀ। ਫਰਾਂਸ ਅਤੇ ਜਰਮਨੀ ਵੀ ਹਾਈ-ਸਪੀਡ ਰੇਲ ਦੇ ਮਾਮਲੇ ਵਿਚ ਪ੍ਰਮੁੱਖ ਦੇਸ਼ ਹਨ। ਇਸ ਤੋਂ ਇਲਾਵਾ, ਅਮਰੀਕਾ, ਇੰਡੋਨੇਸ਼ੀਆ ਤੇ ਮੋਰੱਕੋ ਵਿਚ ਬੁਲਟ ਟ੍ਰੇਨ ਪ੍ਰੋਜੈਕਟ ’ਤੇ ਕੰਮ ਚੱਲ ਰਿਹਾ ਹੈ।
ਗੁਹਾਟੀ-ਕੋਲਕਾਤਾ ਦਰਮਿਆਨ ਚੱਲੇਗੀ ਪਹਿਲੀ ਵੰਦੇ ਭਾਰਤ ਸਲੀਪਰ
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਦਾ ਟ੍ਰਾਇਲ ਰਨ ਪੂਰਾ ਕਰ ਲਿਆ ਗਿਆ ਹੈ। ਇਹ ਟ੍ਰੇਨ 18-19 ਜਨਵਰੀ ਤੋਂ ਗੁਹਾਟੀ ਤੇ ਕੋਲਕਾਤਾ ਦਰਮਿਆਨ ਚਲਾਈ ਜਾ ਸਕਦੀ ਹੈ। ਟ੍ਰਾਇਲ ਰਨ ਦੌਰਾਨ ਟ੍ਰੇਨ ਨੇ 16 ਕੋਚਾਂ ਨਾਲ ਵੱਧ ਤੋਂ ਵੱਧ 180 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਫੜੀ। ਇਸ ਨੂੰ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਝੰਡੀ ਦਿਖਾਉਣਗੇ। ਵੈਸ਼ਣਵ ਨੇ ਦੱਸਿਆ ਕਿ ਗੁਹਾਟੀ-ਹਾਵੜਾ ਦਰਮਿਆਨ ਸਲੀਪਰ ਵੰਦੇ ਭਾਰਤ ਦੇ ਥਰਡ ਏਸੀ ਦਾ ਕਿਰਾਇਆ ਲਗਪਗ 2300 ਰੁਪਏ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਵਾਈ ਕਿਰਾਏ ਦੀ ਗੱਲ ਕਰੀਏ ਤਾਂ ਇਹ ਛੇ ਤੋਂ ਅੱਠ ਹਜ਼ਾਰ ਦਰਮਿਆਨ ਹੁੰਦਾ ਹੈ ਅਤੇ ਕਦੇ-ਕਦੇ 10 ਹਜ਼ਾਰ ਤੱਕ ਵੀ ਪਹੁੰਚ ਜਾਂਦਾ ਹੈ। ਸੈਕਿੰਡ ਏਸੀ ਕੋਚ ਦਾ ਕਿਰਾਇਆ ਤਿੰਨ ਹਜ਼ਾਰ ਰੁਪਏ ਅਤੇ ਫਸਟ ਏਸੀ ਦਾ ਕਿਰਾਇਆ 3600 ਰੁਪਏ ਤੱਕ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਲ ਦੇ ਅਖੀਰ ਤੱਕ ਦੇਸ਼ ਵਿਚ 12 ਵੰਦੇ ਭਾਰਤ ਸਲੀਪਰ ਟ੍ਰੇਨਾਂ ਚੱਲਣ ਲਈ ਤਿਆਰ ਹੋ ਜਾਣਗੀਆਂ।

