ਨਾਗਪੁਰ :
ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ’ਤੇ ਟੈਰਿਫ ਇਸ ਡਰ ਕਾਰਨ ਲਗਾਏ ਗਏ ਹਨ ਕਿ ਜੇ ਦੇਸ਼ ਸ਼ਕਤੀਸ਼ਾਲੀ ਹੋ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ। ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ, ‘ਅਜਿਹੇ ਕਦਮ ਆਤਮ-ਕੇਂਦਰਿਤ ਨਜ਼ਰੀਏ ਦਾ ਨਤੀਜਾ ਹਨ।’ ਭਾਗਵਤ ਬ੍ਰਹਮਾਕੁਮਾਰੀ ਵਿਸ਼ਵ ਸ਼ਾਂਤੀ ਸਰੋਵਰ ਦੇ ਸੱਤਵੇਂ ਸਥਾਪਨਾ ਦਿਵਸ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਲੋਕ ਇਸ ਗੱਲੋਂ ਡਰੇ ਹੋਏ ਹਨ ਕਿ ਜੇ ਭਾਰਤ ਸ਼ਕਤੀਸ਼ਾਲੀ ਹੋ ਗਿਆ ਤਾਂ ਉਨ੍ਹਾਂ ਦੀ ਆਪਣੀ ਸਥਿਤੀ ਕੀ ਹੋਵੇਗੀ। ਇਸੇ ਲਈ ਭਾਰਤੀ ਵਸਤੂਆਂ ’ਤੇ ਟੈਰਿਫ ਲਗਾਏ ਗਏ ਹਨ ਪਰ ਅਸੀਂ ਕੁਝ ਨਹੀਂ ਕੀਤਾ। ਜਦੋਂ ਤੁਸੀਂ ਸੱਤ ਸਮੁੰਦਰ ਦੂਰ ਹੋ ਅਤੇ ਕੋਈ ਸੰਪਰਕ ਨਹੀਂ ਹੈ ਤਾਂ ਡਰ ਕਿਸ ਗੱਲ ਦਾ? ,ਸੰਘ ਮੁਖੀ ਨੇ ਕਿਹਾ ਕਿ ਜਦੋਂ ਤੱਕ ਮਨੁੱਖ ਅਤੇ ਦੇਸ਼ ਆਪਣਾ ਅਸਲ ਸਰੂਪ ਨਹੀਂ ਸਮਝਦੇ, ਉਦੋਂ ਤੱਕ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਿਣਗੇ। ਜੇ ਅਸੀਂ ਦਇਆ ਦਿਖਾਈਏ ਅਤੇ ਡਰ ’ਤੇ ਜਿੱਤ ਹਾਸਲ ਕਰੀਏ ਤਾਂ ਸਾਡਾ ਕੋਈ ਦੁਸ਼ਮਣ ਨਹੀਂ ਰਹੇਗਾ। ਭਾਗਵਤ ਨੇ ਕਿਹਾ ਕਿ ਜੇ ਮਨੁੱਖ ਆਪਣਾ ਨਜ਼ਰੀਆ ‘ਮੈਂ’ ਤੋਂ ‘ਅਸੀਂ’ ਵਿਚ ਬਦਲ ਲਈਏ ਤਾਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਅੱਜ ਦੁਨੀਆ ਹੱਲ ਲੱਭ ਰਹੀ ਹੈ ਕਿਉਂਕਿ ਉਸ ਨੂੰ ਆਪਣੇ ਅਧੂਰੇ ਨਜ਼ਰੀਏ ਕਾਰਨ ਅਗਲਾ ਰਸਤਾ ਨਹੀਂ ਲੱਭ ਰਿਹਾ। ਉਨ੍ਹਾਂ ਦੇ ‘ਸਿਰਫ਼ ਮੈਂ’ ਦੇ ਨਜ਼ਰੀਏ ਕਾਰਨ ਉਨ੍ਹਾਂ ਲਈ ਰਸਤਾ ਲੱਭ ਸਕਣਾ ਨਾਮੁਮਕਿਨ ਹੈ। ਭਾਰਤ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਅੱਗੇ ਦਾ ਰਸਤਾ ਦਿਖਾਉਣ ਵਿਚ ਸਮਰੱਥ ਹੈ। ਸੰਘ ਮੁਖੀ ਨੇ ਕਿਹਾ ਕਿ ਭਾਰਤ ਮਹਾਨ ਹੈ ਅਤੇ ਭਾਰਤੀਆਂ ਨੂੰ ਵੀ ਮਹਾਨ ਬਣਨ ਦਾ ਯਤਨ ਕਰਨਾ ਚਾਹੀਦਾ ਹੈ। ਭਾਰਤ ਵੱਡਾ ਹੈ ਅਤੇ ਹੋਰ ਵੱਡਾ ਹੋਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਘਾਟ ਨਹੀਂ ਹੋਣੀ ਚਾਹੀਦੀ ਪਰ ਜੇਕਰ ਹੈ ਤਾਂ ਸਮਾਂ ਆਉਣ ’ਤੇ ਬਦਲ ਜਾਵੇਗਾ। ਫਿਰ ਵੀ ਮੁਸ਼ਕਲਾਂ ਅਤੇ ਦੁੱਖ ਵਿਚ ਵੀ ਇੱਥੋਂ ਦੇ ਲੋਕ ਆਪਣੇਪਣ ਦੀ ਮਜ਼ਬੂਤ ਭਾਵਨਾ ਕਾਰਨ ਸੰਤੁਸ਼ਟ ਰਹਿੰਦੇ ਹਨ।