ਨਵੀਂ ਦਿੱਲੀ: 

ਭਾਰਤ ਨੇ ਸ਼ਨੀਵਾਰ ਰਾਤ ਨੂੰ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਵੈਨਜ਼ੁਏਲਾ ਦੀ ਯਾਤਰਾ ਕਰਨ ਤੋਂ ਪਰਹੇਜ਼ ਕਰਨ। ਇਹ ਐਡਵਾਈਜ਼ਰੀ ਅਮਰੀਕਾ ਵੱਲੋਂ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫਤਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ।ਵਿਦੇਸ਼ ਮੰਤਰਾਲੇ ਨੇ ਵੈਨਜ਼ੁਏਲਾ ਵਿੱਚ ਮੌਜੂਦ ਸਾਰੇ ਭਾਰਤੀਆਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਬੇਨਤੀ ਕੀਤੀ ਹੈ। ਮੰਤਰਾਲੇ ਨੇ ਕਿਹਾ: “ਵੈਨਜ਼ੁਏਲਾ ਵਿੱਚ ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ, ਭਾਰਤੀ ਨਾਗਰਿਕਾਂ ਨੂੰ ਵੈਨਜ਼ੁਏਲਾ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ। ਜੋ ਭਾਰਤੀ ਕਿਸੇ ਵੀ ਕਾਰਨ ਵੈਨਜ਼ੁਏਲਾ ਵਿੱਚ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਚੌਕਸੀ ਵਰਤਣ, ਆਪਣੀਆਂ ਹਰਕਤਾਂ ਨੂੰ ਸੀਮਤ ਰੱਖਣ ਅਤੇ ਕਾਰਾਕਸ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।” ਮੰਤਰਾਲੇ ਨੇ ਭਾਰਤੀਆਂ ਨੂੰ ਦੂਤਾਵਾਸ ਨਾਲ ਰਜਿਸਟ੍ਰੇਸ਼ਨ ਕਰਨ ਦੀ ਵੀ ਅਪੀਲ ਕੀਤੀ ਹੈ। ਵੈਨਜ਼ੁਏਲਾ ਵਿੱਚ ਲਗਭਗ 50 ਗੈਰ-ਨਿਵਾਸੀ ਭਾਰਤੀ (NRI) ਅਤੇ 30 ਭਾਰਤੀ ਮੂਲ ਦੇ ਵਿਅਕਤੀ (PIO) ਰਹਿ ਰਹੇ ਹਨ।
ਵੈਨਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਕਦੇ ਬੱਸ ਡਰਾਈਵਰ ਸਨ
23 ਨਵੰਬਰ 1962 ਨੂੰ ਜਨਮੇ ਵੈਨਜ਼ੁਏਲਾ ਦੇ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਇੱਕ ਲੇਬਰ ਯੂਨੀਅਨ ਆਗੂ ਦੇ ਪੁੱਤਰ ਹਨ ਅਤੇ ਉਨ੍ਹਾਂ ਨੇ ਕਦੇ ਬੱਸ ਡਰਾਈਵਰ ਵਜੋਂ ਆਪਣੀ ਰੋਜ਼ੀ-ਰੋਟੀ ਕਮਾਈ ਸੀ। 1992 ਵਿੱਚ ਤਤਕਾਲੀ ਫੌਜੀ ਅਧਿਕਾਰੀ ਹਿਊਗੋ ਸ਼ਾਵੇਜ਼ ਦੀ ਅਗਵਾਈ ਵਿੱਚ ਉਨ੍ਹਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਸ਼ਾਵੇਜ਼ ਦੇ ਬਹੁਤ ਕਰੀਬੀ ਬਣ ਗਏ। 1998 ਵਿੱਚ ਉਨ੍ਹਾਂ ਨੇ ਸ਼ਾਵੇਜ਼ ਦੀ ਅਗਵਾਈ ਵਿੱਚ ਚੋਣ ਵੀ ਲੜੀ। ਸ਼ਾਵੇਜ਼ ਦੇ ਸ਼ਾਸਨਕਾਲ ਦੌਰਾਨ ਮਾਦੁਰੋ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਵਿਦੇਸ਼ ਮੰਤਰੀ ਵੀ ਰਹੇ। ਵਿਦੇਸ਼ ਮੰਤਰੀ ਦੇ ਰੂਪ ਵਿੱਚ ਮਾਦੁਰੋ ਨੇ ਵੈਨਜ਼ੁਏਲਾ ਦੇ ਤੇਲ ਕਾਰੋਬਾਰ ਨੂੰ ਪੂਰੀ ਦੁਨੀਆ ਵਿੱਚ ਫੈਲਾਇਆ। ਸ਼ਾਵੇਜ਼ ਨੇ ਆਪਣੀ ਮੌਤ ਤੋਂ ਪਹਿਲਾਂ ਮਾਦੁਰੋ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ ਅਤੇ 2013 ਵਿੱਚ ਸ਼ਾਵੇਜ਼ ਦੀ ਮੌਤ ਤੋਂ ਬਾਅਦ ਮਾਦੁਰੋ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ।
ਵੈਨਜ਼ੁਏਲਾ ਵਿੱਚ ਮਹਿੰਗਾਈ ਸਿਖਰ ‘ਤੇ
ਮਾਦੁਰੋ ਦੇ ਰਾਜ ਦੌਰਾਨ ਦੇਸ਼ ਭਾਰੀ ਆਰਥਿਕ ਸੰਕਟ ਵਿੱਚ ਘਿਰ ਗਿਆ ਅਤੇ ਮਹਿੰਗਾਈ ਅਸਮਾਨੀ ਪਹੁੰਚ ਗਈ। ਮਾਦੁਰੋ ਦੇ ਸ਼ਾਸਨ ਨੂੰ ਚੋਣਾਂ ਵਿੱਚ ਧਾਂਦਲੀ, ਭੋਜਨ ਸੰਕਟ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 2014 ਅਤੇ 2017 ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਸੀ। ਜਨਵਰੀ 2025 ਵਿੱਚ ਹੋਈਆਂ ਰਾਸ਼ਟਰੀ ਚੋਣਾਂ ਵਿੱਚ ਉਹ ਤੀਜੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਸਨ।

