ਵਿਦਿਆਰਥੀਆਂ ਦੇ ਰਾਖਵਾਂਕਰਨ ਵਿਰੋਧੀ ਅੰਦੋਲਨ ਦਰਮਿਆਨ ਪ੍ਰਸ਼ਾਸਨ ਦਾ ਐਕਸ਼ਨ
ਸ੍ਰੀਨਗਰ:
ਜੰਮੂ-ਕਸ਼ਮੀਰ ਵਿੱਚ ਰਾਖਵਾਂਕਰਨ ਨੀਤੀ ਦੇ ਖ਼ਿਲਾਫ਼ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨਾਂ ਦੇ ਦਰਮਿਆਨ ਪੀ.ਡੀ.ਪੀ. (PDP) ਮੁਖੀ ਮਹਿਬੂਬਾ ਮੁਫ਼ਤੀ ਅਤੇ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਆਗਾ ਸਈਅਦ ਮੇਹਦੀ ਸਮੇਤ ਕਈ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਹਿਬੂਬਾ ਮੁਫ਼ਤੀ, ਉਨ੍ਹਾਂ ਦੀ ਧੀ ਇਲਤਿਜਾ ਮੁਫ਼ਤੀ, ਸ੍ਰੀਨਗਰ ਦੇ ਸੰਸਦ ਮੈਂਬਰ ਰੂਹੁੱਲਾ ਮੇਹਦੀ, ਪੀ.ਡੀ.ਪੀ. ਆਗੂ ਵਹੀਦ ਪਾਰਾ ਅਤੇ ਸ੍ਰੀਨਗਰ ਦੇ ਸਾਬਕਾ ਮੇਅਰ ਜੁਨੈਦ ਮੱਟੂ ਨੂੰ ਹਾਊਸ ਅਰੈਸਟ (ਨਜ਼ਰਬੰਦ) ਕੀਤਾ ਗਿਆ ਹੈ।ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਇਨ੍ਹਾਂ ਆਗੂਆਂ ਨੇ ਉਨ੍ਹਾਂ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਈ ਸੀ, ਜਿਨ੍ਹਾਂ ਨੇ ਐਤਵਾਰ ਨੂੰ ਗੁਪਕਾਰ ਰੋਡ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ। ਵਿਦਿਆਰਥੀ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਮੇਟੀ ਬਣਾਉਣ ਦੇ ਇੱਕ ਸਾਲ ਬਾਅਦ ਵੀ ਕੋਟਾ ਨੀਤੀ ਨੂੰ ਤਰਕਸੰਗਤ ਬਣਾਉਣ ਵਿੱਚ ਹੋ ਰਹੀ ਦੇਰੀ ਵਿਰੁੱਧ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਇਰਾਦਾ ਰੱਖਦੇ ਸਨ। ਜ਼ਿਕਰਯੋਗ ਹੈ ਕਿ ਉਮਰ ਕੈਬਨਿਟ ਨੇ ਜੰਮੂ-ਕਸ਼ਮੀਰ ਵਿੱਚ ਰਾਖਵਾਂਕਰਨ ਨੀਤੀ ਵਿੱਚ ਬਦਲਾਅ ਕਰਦਿਆਂ ਜਨਰਲ ਕੈਟਾਗਰੀ ਦੇ ਹਿੱਸੇ ਵਿੱਚ ਘੱਟੋ-ਘੱਟ 10 ਫੀਸਦੀ ਵਾਧਾ ਕਰਨ ਦੀ ਤਿਆਰੀ ਕੀਤੀ ਹੈ। ਇਸ ਦੇ ਲਈ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ (EWS) ਅਤੇ ਦੂਰ-ਦੁਰਾਡੇ ਦੇ ਪੱਛੜੇ ਇਲਾਕਿਆਂ (RBA) ਦੇ ਕੋਟੇ ਵਿੱਚ ਕਥਿਤ ਤੌਰ ‘ਤੇ ਕਟੌਤੀ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਇਸ ਨੀਤੀ ਦਾ ਵਿਰੋਧ ਹੋ ਰਿਹਾ ਹੈ।

