ਲੁਧਿਆਣਾ : 
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਨਾਲ ਜੁੜੀ ਉਸ ਗੱਲ ਨੂੰ ਮੋਹਾਲੀ ਵਿਖੇ ਜਨਤਕ ਤੌਰ ਉੱਤੇ ਕਿਹਾ ਕਿ ਜਿਸ ਜਗ੍ਹਾ ਮੋਦੀ ਦੇ ਪਿਤਾ ਦੀ ਚਾਹ ਦੀ ਦੁਕਾਨ ਸੀ ਉਸ ਜਗ੍ਹਾ ਤੇ ਉਸ ਵਕਤ ਰੇਲਵੇ ਲਾਈਨ ਹੀ ਨਹੀਂ ਸੀ। ਇਸ ’ਤੇ ਤਨਜ਼ ਕੱਸਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੱਗਦਾ ਹੈ ਭਗਵੰਤ ਮਾਨ ਨੂੰ ‘ਹਿਸਟਰੀ ਆਫ ਇੰਡੀਅਨ ਰੇਲਵੇ’ ਦੀ ਪੂਰੀ ਜਾਣਕਾਰੀ ਨਹੀਂ ਹੈ, ਜਿਸ ਕਰ ਕੇ ਉਹ ਅਕਸਰ ਇਸ ਤਰ੍ਹਾਂ ਦੇ ਗਲਤ ਅਤੇ ਭੁਲੇਖਾ ਪਾਉਣ ਵਾਲੇ ਬਿਆਨ ਦੇ ਜਾਂਦੇ ਹਨ। ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਸੰਘਰਸ਼, ਮਿਹਨਤ ਅਤੇ ਆਤਮ ਨਿਰਭਰਤਾ ਦੀ ਮਿਸਾਲ ਹੈ, ਜਿਸ ਨੂੰ ਲੋਕ ਪੂਰੇ ਦੇਸ਼ ਵਿਚ ਸਨਮਾਨ ਨਾਲ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮਾਨ ਵੱਲੋਂ ਪ੍ਰਧਾਨ ਮੰਤਰੀ ਦੇ ਨਿੱਜੀ ਜੀਵਨ ’ਤੇ ਟਿੱਪਣੀਆਂ ਕਰਨਾ ਨੀਵੀਂ ਰਾਜਨੀਤੀ ਨੂੰ ਦਰਸਾਉਂਦਾ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਅਜਿਹੇ ਬਿਆਨ ਦੇਣ ਦੀ ਬਜਾਏ ਪੰਜਾਬ ਦੇ ਗੰਭੀਰ ਮੁੱਦਿਆਂ ਜਿਵੇਂ ਕਿ ਕਾਨੂੰਨ-ਵਿਵਸਥਾ, ਨਸ਼ੇ, ਬੇਰੋਜ਼ਗਾਰੀ ਅਤੇ ਵਿੱਤੀ ਹਾਲਾਤਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਆਨਬਾਜ਼ੀ ਨਾਲ ਸੂਬਾ ਨਹੀਂ ਚਲਦਾ, ਇਸ ਲਈ ਮੁੱਖ ਮੰਤਰੀ ਨੂੰ ਸਟੇਜੀ ਕਾਮੇਡੀ ਛੱਡ ਕੇ ਗਵਰਨੈਂਸ ਵੱਲ ਧਿਆਨ ਦੇਣਾ ਚਾਹੀਦਾ ਹੈ। ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਹੁਣ ਮੌਜੂਦਾ ਸਰਕਾਰ ਦੇ ਦਾਅਵਿਆਂ ਅਤੇ ਹਕੀਕਤ ਵਿੱਚ ਫਰਕ ਨੂੰ ਸਮਝਣ ਲੱਗੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਸਿਆਸੀ ਜਵਾਬ ਵੀ ਦੇਵੇਗੀ।

