ਫਰੀਦਕੋਟ :
ਸਥਾਨਕ ਥਾਣਾ ਸਦਰ ਪੁਲਿਸ ਨੇ ਆਪਣੀ ਹੀ ਮੰਦਬੁੱਧੀ ਧੀ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਇਸ ਸਮੇਂ ਮੁਲਜ਼ਮ ਪੁਲਿਸ ਦੀ ਫੜ ਤੋਂ ਬਾਹਰ ਹੈ। ਇਸ ਸਬੰਧ ‘ਚ ਪੀੜਤਾ ਦੀ ਮਾਂ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਉਨ੍ਹਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਧੀ ਮੰਦਬੁੱਧੀ ਹੈ। ਉਸਦਾ ਪਤੀ ਇਸ ਮੰਦਬੁੱਧੀ ਧੀ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਜਿਸ ਕਾਰਨ ਉਸਨੇ ਆਪਣੀ ਧੀ ਨੂੰ ਪਟਿਆਲਾ ਦੇ ਇਕ ਆਸ਼ਰਮ ‘ਚ ਛੱਡ ਦਿੱਤਾ ਸੀ। ਕੁਝ ਸਮੇਂ ਬਾਅਦ ਉਹ ਧੀ ਨੂੰ ਵਾਪਸ ਲੈ ਆਈ ਪਰ ਉਸਦਾ ਪਿਤਾ ਫਿਰ ਤੋਂ ਉਸਦੇ ਨਾਲ ਗਲਤ ਕੰਮ ਕਰਨ ਲੱਗਾ। ਇਸ ਕਾਰਨ, ਹੁਣ ਉਹ ਆਪਣੀ ਧੀ ਨੂੰ ਜਲੰਧਰ ਦੇ ਇਕ ਆਸ਼ਰਮ ‘ਚ ਛੱਡ ਕੇ ਆਈ ਹੈ। ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਜੋਗਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।