ਨਵੀਂ ਦਿੱਲੀ : 
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੱਲ੍ਹ (4 ਦਸੰਬਰ) ਦੋ ਦਿਨਾਂ ਦੇ ਭਾਰਤ ਦੌਰੇ ‘ਤੇ ਆ ਰਹੇ ਹਨ। ਪੁਤਿਨ ਦੇ ਇਸ ਦੌਰੇ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਖਾਸ ਕਰਕੇ ਅਮਰੀਕੀ ਟੈਰਿਫ ਦੇ ਵਿਚਕਾਰ ਪੁਤਿਨ ਅਤੇ ਪੀ.ਐੱਮ. ਮੋਦੀ ਦੀ ਮੁਲਾਕਾਤ ਦੀ ਚਰਚਾ ਪੱਛਮੀ ਦੇਸ਼ਾਂ ਵਿੱਚ ਖੂਬ ਸੁਰਖੀਆਂ ਬਟੋਰ ਰਹੀ ਹੈ।ਪੁਤਿਨ ਦੇ ਭਾਰਤ ਆਉਣ ਤੋਂ ਪਹਿਲਾਂ ਯੂਰਪ ਤੋਂ ਪ੍ਰਤੀਕਿਰਿਆ ਆਉਣੀ ਵੀ ਸ਼ੁਰੂ ਹੋ ਗਈ ਹੈ। ਭਾਰਤ ਵਿੱਚ ਯੂਨਾਈਟਿਡ ਕਿੰਗਡਮ (UK), ਫਰਾਂਸ ਅਤੇ ਜਰਮਨੀ ਦੇ ਰਾਜਦੂਤਾਂ ਨੇ ਪੁਤਿਨ ਦੇ ਭਾਰਤ ਦੌਰੇ ‘ਤੇ ਬਿਆਨ ਦਿੱਤਾ ਹੈ, ਜਿਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਇਆ ਹੈ।
ਵਿਦੇਸ਼ ਮੰਤਰਾਲੇ ਨੇ ਕੀ ਕਿਹਾ?
ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ, “ਇਹ ਬਹੁਤ ਅਸਾਧਾਰਨ ਹੈ। ਕਿਸੇ ਤੀਜੇ ਦੇਸ਼ ਨਾਲ ਭਾਰਤ ਦੇ ਸਬੰਧਾਂ ‘ਤੇ ਜਨਤਕ ਤੌਰ ‘ਤੇ ਟਿੱਪਣੀ ਕਰਨਾ ਚੰਗੀ ਕੂਟਨੀਤਕ ਪ੍ਰਕਿਰਿਆ (diplomatic procedure) ਨਹੀਂ ਹੈ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।”
3 ਦੇਸ਼ਾਂ ਦੇ ਹਾਈ ਕਮਿਸ਼ਨਰਾਂ ਦਾ ਬਿਆਨ
ਦਰਅਸਲ, ਫਰਾਂਸ ਦੇ ਰਾਜਦੂਤ ਥੀਏਰੀ ਮਾਥੌ, ਜਰਮਨੀ ਦੇ ਹਾਈ ਕਮਿਸ਼ਨਰ ਫਿਲਿਪ ਏਕਰਮੈਨ ਅਤੇ ਬ੍ਰਿਟੇਨ ਦੇ ਹਾਈ ਕਮਿਸ਼ਨਰ ਲਿੰਡੀ ਕੈਮਰੂਨ ਨੇ ਪੁਤਿਨ ਦੇ ਭਾਰਤ ਦੌਰੇ ‘ਤੇ ਬਿਆਨ ਦਿੱਤਾ ਸੀ। ਉਨ੍ਹਾਂ ਦਾ ਬਿਆਨ ਇੱਕ ਲੇਖ ਵਿੱਚ ਛਪਿਆ ਸੀ, ਜਿਸਦਾ ਸਿਰਲੇਖ ਸੀ: ‘ਦੁਨੀਆ ਚਾਹੁੰਦੀ ਹੈ ਕਿ ਯੂਕਰੇਨ ਯੁੱਧ ਖ਼ਤਮ ਹੋ ਜਾਵੇ ਪਰ ਰੂਸ ਸ਼ਾਂਤੀ ਨੂੰ ਲੈ ਕੇ ਗੰਭੀਰਤਾ ਨਾਲ ਨਹੀਂ ਸੋਚ ਰਿਹਾ ਹੈ।’
ਰੂਸੀ ਰਾਸ਼ਟਰਪਤੀ ਦੀ ਕੀਤੀ ਨਿੰਦਾ
ਇਸ ਲੇਖ ਵਿੱਚ ਯੂਕਰੇਨ ‘ਤੇ ਹਮਲੇ ਲਈ ਪੁਤਿਨ ਦੀ ਸਖ਼ਤ ਨਿੰਦਾ ਕੀਤੀ ਗਈ ਸੀ। ਲੇਖ ਵਿੱਚ ਲਿਖਿਆ ਸੀ, “ਯੂਕਰੇਨ ‘ਤੇ ਜਿਸ ਤਰ੍ਹਾਂ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ, ਇਹ ਸ਼ਾਂਤੀ ਚਾਹੁਣ ਵਾਲੇ ਕਿਸੇ ਵਿਅਕਤੀ ਦੀਆਂ ਹਰਕਤਾਂ ਨਹੀਂ ਹੋ ਸਕਦੀਆਂ। ਇਹ ਅੰਨ੍ਹੇਵਾਹ ਹਮਲੇ ਕੋਈ ਹਾਦਸੇ ਨਹੀਂ ਹਨ, ਸਗੋਂ ਰੂਸ ਦੇ ਬੇਰਹਿਮ ਹੋਣ ਦਾ ਪ੍ਰਤੀਕ ਹਨ।” ਯੂ.ਕੇ., ਫਰਾਂਸ ਅਤੇ ਜਰਮਨੀ ਦੇ ਰਾਜਦੂਤਾਂ ਨੇ ਅੱਗੇ ਲਿਖਿਆ, “ਤਿੰਨੇ ਦੇਸ਼ ਨਾਟੋ (NATO) ਦੇ ਮੈਂਬਰ ਹਨ ਅਤੇ ਯੂਕਰੇਨ ਨੂੰ ਮਜ਼ਬੂਤ ਸਮਰਥਨ ਦਿੰਦੇ ਰਹਿਣਗੇ। ਪੁਤਿਨ ਵਾਰ-ਵਾਰ ਸ਼ਾਂਤੀ ਵਾਰਤਾ ਵਿੱਚ ਰੁਕਾਵਟ ਬਣ ਰਹੇ ਹਨ। ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਫੌਜੀ ਸਮੇਤ ਹਰ ਤਰ੍ਹਾਂ ਨਾਲ ਯੂਕਰੇਨ ਦੀ ਸਹਾਇਤਾ ਕਰਦੇ ਰਹਾਂਗੇ।”

