ਜਲੰਧਰ :
ਅਧਰਮ ’ਤੇ ਧਰਮ ਦੀ ਜਿੱਤ ਦੇ ਤਿਉਹਾਰ ਵਿਜੈਦਸ਼ਮੀ ਮੌਕੇ ਰਾਸ਼ਟਰੀ ਸਵਯੰਸੇਵਕ ਸੰਘ ਵੱਲੋਂ ਆਪਣਾ 100ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਮਹਾਨਗਰ ’ਚ 9 ਥਾਵਾਂ ਤੇ ਵਿਸ਼ਾਲ ਸਮਾਰੋਹ ਕਰਵਾਏ ਗਏ, ਜਿਨ੍ਹਾਂ ’ਚ 1750 ਰਾਸ਼ਟਰੀ ਸਵੈਮ ਸੇਵਕ ਸੰਘ ਸਮੇਤ 3050 ਨਾਗਰਿਕਾਂ ਨੇ ਭਾਗ ਲਿਆ। ਐੱਸਡੀ ਕਾਲਜ ਗੋਬਿੰਦ ਨਗਰ ਵਿਖੇ ਹੋਏ ਮੁੱਖ ਸਮਾਰੋਹ ’ਚ ਸੰਘ ਦੇ ਅਖਿਲ ਭਾਰਤੀ ਸਹਿ-ਵਿਵਸਥਾ ਪ੍ਰਮੁੱਖ ਵਿਜੇ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਦੀ ਤਾਕਤ ਸਮਾਜ ਦੀ ਏਕਤਾ ਤੇ ਚਰਿੱਤਰਵਾਨ ਨਾਗਰਿਕਾਂ ’ਚ ਵੱਸਦੀ ਹੈ। ਉਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲੀਦਾਨ ਦਿਵਸ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਲਈ ਬੇਮਿਸਾਲ ਬਲੀਦਾਨ ਦਿੱਤਾ। ਉਨ੍ਹਾਂ ਆਹਵਾਨ ਕੀਤਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਸਵ ਦੇ ਬੋਧ, ਪਰਿਆਵਰਣ ਸੰਰਖਣ, ਨਾਗਰਿਕ ਕਰਤੱਵਾਂ ਦੀ ਪਾਲਣਾ, ਸਮਰਸਤਾ ਤੇ ਆਦਰਸ਼ ਪਰਿਵਾਰ ਪ੍ਰਣਾਲੀ ਨੂੰ ਅਪਣਾਉਣਾ ਜ਼ਰੂਰੀ ਹੈ। ਸ਼੍ਰੀਰਾਮ ਨਗਰ ਵਿਖੇ ਹੋਏ ਹੋਰ ਸਮਾਰੋਹ ’ਚ ਵਿਦਿਆ ਭਾਰਤੀ ਦੇ ਸੰਗਠਨ ਮੰਤਰੀ ਰਜਿੰਦਰ ਚੱਠਾ ਤੇ ਮੁੱਖ ਮਹਿਮਾਨ ਹਰਜੀਤ ਸਿੰਘ ਚੱਠਾ ਨੇ ਵੀ ਪੰਜ ਪਰਿਵਰਤਨਾਂ ਦੀ ਵਿਸ਼ੇਸ਼ ਚਰਚਾ ਕੀਤੀ। ਮਹਾਨਗਰ ਸੰਘ ਚਾਲਕ ਵਿਜੇ ਗੁਲਾਟੀ ਨੇ ਦੱਸਿਆ ਕਿ 12 ਅਕਤੂਬਰ ਤੱਕ ਜਲੰਧਰ ਵਿਖੇ ਕੁੱਲ 22 ਸਥਾਨਾਂ ’ਤੇ ਇਹ ਸਮਾਰੋਹ ਹੋਣਗੇ।