ਸੰਗਰੂਰ : 
ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਐਤਵਾਰ ਨੂੰ ਰੁਜ਼ਗਾਰ ਦੀ ਲੋਹੜੀ ਮੰਗਣ ਪੁੱਜੇ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋ ਗਈ। ਇਸ ਤੋਂ ਬਾਅਦ ਬੇਰੁਜ਼ਗਾਰਾਂ ਨੇ ਸੜਕ ’ਤੇ ਹੀ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਪਿਛਲੇ 18 ਦਿਨਾਂ ਤੋ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਪੱਕਾ ਮੋਰਚਾ ਲਾ ਰੱਖਿਆ ਹੈ।ਬਾਅਦ ਦੁਪਹਿਰ ਕਰੀਬ 1 ਵਜੇ ਜਿਉਂ ਹੀ ਬੇਰੁਜ਼ਗਾਰ ਵੇਰਕਾ ਪਲਾਂਟ ਤੋਂ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜੇ ਪਹੁੰਚੇ ਤਾਂ ਪਹਿਲਾਂ ਤੋਂ ਹੀ ਸਖ਼ਤ ਪੁਲਿਸ ਪ੍ਰਬੰਧ ਕੀਤੇ ਹੋਏ ਸਨ। ਬੇਰੁਜ਼ਗਾਰਾਂ ਨੂੰ ਕੋਠੀ ਤੋਂ ਦੂਰ ਹੀ ਰੋਕਿਆ ਗਿਆ। ਇਸ ਦੌਰਾਨ ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੰਦਰ ਲਿਜਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੀ ਲੋਹੜੀ ਦਿੱਤੀ ਦਿਵਾਈ ਜਾਵੇ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਅੱਗੇ ਜਾਣ ਤੋਂ ਰੋਕੀ ਰੱਖਿਆ ਜਿਸ ਕਾਰਨ ਬੇਰੁਜ਼ਗਾਰਾਂ ਤੇ ਪੁਲਿਸ ਵਿਚਕਾਰ ਖਿੱਚ-ਧੂਹ ਹੋਈ। ਇਸ ਮੌਕੇ ਬੇਰੁਜ਼ਗਾਰਾਂ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ, ਅਮਨ ਸੇਖਾ, ਹਰਜਿੰਦਰ ਝਨੀਰ ਅਤੇ ਹਰਜਿੰਦਰ ਬੁਢਲਾਡਾ ਨੇ ਕਿਹਾ ਕਿ ਬੇਰੁਜ਼ਗਾਰ ਪਿਛਲੇ ਕਰੀਬ ਪੌਣੇ ਮਹੀਨੇ ਤੋਂ ਰੁਜ਼ਗਾਰ ਦੀ ਮੰਗ ਲਈ ਅੱਤ ਦੀ ਸਰਦੀ ਵਿੱਚ ਪੱਕਾ ਮੋਰਚਾ ਲਾ ਕੇ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਹਨ ਪ੍ਰੰਤੂ ਪੰਜਾਬ ਸਰਕਾਰ ਭਰਤੀ ਕੈਲੰਡਰ ਲਾਗੂ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਨੇ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਲੈਕਚਰਾਰ, ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ ਦਾ ਐਲਾਨ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ, ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ। ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਆਉਂਦੇ ਦੋ ਦਿਨਾਂ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਹੀ ਬੇਰੁਜ਼ਗਾਰਾਂ ਦੀ ਮੀਟਿੰਗ ਨਾ ਕਰਵਾਈ ਗਈ ਤਾਂ ਉਹ 14 ਅਗਸਤ ਜਨਵਰੀ ਨੂੰ ਮਾਘੀ ਦੇ ਦਿਹਾੜੇ ਮੌਕੇ ਮੁਕਤਸਰ ਵਿਖੇ ਮੁੱਖ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ, ਸੰਦੀਪ ਮੋਫਰ ਮਨੀਸ਼ ਫਾਜ਼ਿਲਕਾ, ਕੇਵਲ ਅਬੋਹਰ, ਅਮਨਦੀਪ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਲਲਿਤਾ ਪਟਿਆਲਾ, ਕਮਲਜੀਤ ਕੌਰ, ਸ਼ਿੰਦਰ ਪਾਲ ਕੌਰ ,ਗਗਨਦੀਪ ਕੌਰ, ਸੁਖਪਾਲ ਕੌਰ, ਹਰਨੰਦ ਸਿੰਘ ਸ੍ਰੀ ਤਰਨ ਤਾਰਨ ਸਾਹਿਬ, ਕਰਣ ਸ੍ਰੀ ਤਰਨ ਤਾਰਨ ਸਾਹਿਬ, ਸਿਮਰਨ ਕੌਰ, ਗੁਰਪ੍ਰੀਤ ਸਿੰਘ, ਮਨਦੀਪ ਕੌਰ ਹਾਜ਼ਰ ਸਨ।

