ਨਵੀਂ ਦਿੱਲੀ ਮੇਜਰ ਸਿੰਘ :
ਰੂਸ-ਯੂਕਰੇਨ ਜੰਗ ਵਿਚਾਲੇ ਰੂਸੀ ਫ਼ੌਜ ’ਚ ਭਾਰਤੀ ਨਾਗਰਿਕਾਂ ਦੀ ਭਰਤੀ ਦੀਆਂ ਨਵੀਆਂ ਖਬਰਾਂ ਆਈਆਂ ਹਨ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ। ਉਸ ਨੇ ਰੂਸੀ ਫ਼ੌਜ ’ਚ ਸ਼ਾਮਲ ਹੋਣ ਦੀਆਂ ਤਜਵੀਜ਼ਾਂ ਨੂੰ ਲੈ ਕੇ ਭਾਰਤੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਰੂਸੀ ਫ਼ੌਜ ਵਿਚ ਸਾਮਲ ਹੋਣ ਦੇ ਕਿਸੇ ਵੀ ਪ੍ਰਸਤਾਵ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਨੂੰ ਖਤਰਿਆਂ ਨਾਲ ਭਰਿਆ ਰਸਤਾ ਕਰਾਰ ਦਿੱਤਾ। ਮੰਤਰਾਲੇ ਦਾ ਇਹ ਬਿਆਨ ਦੱਸਦਾ ਹੈ ਕਿ ਰੂਸ ਦੀ ਫ਼ੌਜ ’ਚ ਭਾਰਤੀਆਂ ਨੂੰ ਸ਼ਾਮਲ ਕਰਨ ਵਾਲੀਆਂ ਏਜੰਸੀਆਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਰਗਰਮ ਹਨ। ਇਹ ਸਥਿਤੀ ਉਦੋਂ ਹੈ ਜਦੋਂ ਇਸ ਬਾਰੇ ਭਾਰਤ ਲੰਬੇ ਸਮੇਂ ਤੋਂ ਰੂਸ ਨਾਲ ਗੱਲ ਕਰ ਰਿਹਾ ਹੈ। ਪਿਛਲੇ ਸਾਲ ਪੀਐੱਮ ਨਰਿੰਦਰ ਮੋਦੀ ਨੇ ਆਪਣੇ ਰੂਸੀ ਦੌਰੇ ’ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਾਹਮਣੇ ਵੀ ਇਸਨੂੰ ਉਠਾਇਆ ਸੀ। ਨਾਲ ਹੀ ਪਿਛਲੇ ਇਕ ਸਾਲ ’ਚ ਕਈ ਵਾਰੀ ਇਸ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਹੈ ਕਿ ਅਸੀਂ ਰੂਸੀ ਫ਼ੌਜ ਵਿਚ ਹਾਲੀਆ ਭਾਰਤੀ ਨਾਗਰਿਕਾਂ ਨੂੰ ਇਸ ਤੋਂ ਚੌਕਸ ਵੀ ਕੀਤਾ ਹੈ। ਭਾਰਤ ਨੇ ਦਿੱਲੀ ਤੇ ਮਾਸਕੋ ਵਿਚ ਰੂਸੀ ਅਧਿਕਾਰੀਆਂ ਦੇ ਸਾਹਮਣੇ ਇਸ ਮੁੱਦੇ ਨੂੰ ਉਠਾਇਆ ਹੈ। ਇਸ ਤਰ੍ਹਾਂ ਦੀ ਭਰਤੀ ਪ੍ਰਕਿਰਿਆ ਨੂੰ ਖਤਮ ਕਰਨ ਤੇ ਪ੍ਰਭਾਵਤ ਭਾਰਤੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਮੰਤਰਾਲਾ ਪ੍ਰਭਾਵਤ ਪਰਿਵਾਰਾਂ ਦੇ ਸੰਪਰਕ ’ਚ ਵੀ ਹੈ।