ਕੀਵ
ਰੂਸ ਦੇ ਗਲਾਈਡ ਬੰਬ ਹਮਲੇ ਵਿਚ ਯੂਕਰੇਨ ਵਿਚ 21 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਮੰਗਲਵਾਰ ਨੂੰ ਪੂਰਬੀ ਯੂਕਰੇਨ ਦੇ ਇਕ ਪਿੰਡ ‘ਤੇ ਉਸ ਵੇਲੇ ਕੀਤਾ ਗਿਆ, ਜਦੋਂ ਬੁਜ਼ੁਰਗ ਪੈਨਸ਼ਨ ਪ੍ਰਾਪਤ ਕਰਨ ਲਈ ਕਤਾਰ ਵਿਚ ਖੜ੍ਹੇ ਸਨ। ਹਮਲੇ ਵਿਚ ਲਗਪਗ ਦੋ ਦਰਜਨ ਲੋਕ ਜ਼ਖ਼ਮੀ ਵੀ ਹੋਏ ਹਨ। ਯੂਕਰੇਨੀ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਨੇ ਟੈਲੀਗ੍ਰਾਮ ‘ਤੇ ਇਕ ਪੋਸਟ ਵਿਚ ਦੱਸਿਆ ਕਿ ਡੋਨੈਸਕ ਖੇਤਰ ਦੇ ਯਾਰੋਵਾ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸੱਚਮੁੱਚ ਇਕ ਵਹਿਸ਼ੀ ਕਾਰਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਰੂਸ ਨੂੰ ਵਾਧੂ ਪਾਬੰਦੀਆਂ ਲਗਾ ਕੇ ਆਰਥਿਕ ਤੌਰ ‘ਤੇ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ, “ਦੁਨੀਆ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਅਮਰੀਕਾ ਨੂੰ ਪ੍ਰਤੀਕਿਰਿਆ ਦੇਣ ਦੀ ਲੋੜ ਹੈ। ਯੂਰਪ ਨੂੰ ਪ੍ਰਤੀਕਿਰਿਆ ਦੇਣ ਦੀ ਲੋੜ ਹੈ। ਜੀ-20 ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਸਖ਼ਤ ਜਵਾਬ ਦੇਣ ਦੀ ਲੋੜ ਹੈ ਤਾਂ ਜੋ ਰੂਸ ਨਿਰਦੋਸ਼ ਲੋਕਾਂ ਨੂੰ ਮਾਰਨਾ ਬੰਦ ਕਰੇ। ਡੋਨੈਸਕ ਦੇ ਗਵਰਨਰ ਨੇ ਦੱਸਿਆ ਕਿ ਹਮਲੇ ਵਿਚ 21 ਲੋਕ ਮਾਰੇ ਗਏ ਅਤੇ ਇੰਨੇ ਹੀ ਜ਼ਖ਼ਮੀ ਹੋਏ ਹਨ। ਇਹ ਲੋਕ ਪੈਨਸ਼ਨ ਲਈ ਕਤਾਰ ਵਿਚ ਖੜ੍ਹੇ ਸਨ। 24 ਫਰਵਰੀ, 2022 ਨੂੰ ਯੂਕਰੇਨ ‘ਤੇ ਹਮਲਾ ਸ਼ੁਰੂ ਕਰਨ ਵਾਲੇ ਰੂਸ ਨੇ ਪਿਛਲੇ ਐਤਵਾਰ ਨੂੰ ਕੀਵ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਸੀ। ਹਾਲੀਆ ਮਹੀਨਿਆਂ ਵਿਚ ਅਮਰੀਕਾ ਦੀ ਅਗਵਾਈ ਵਿਚ ਸ਼ਾਂਤੀ ਦੇ ਯਤਨਾਂ ਦੇ ਬਾਵਜੂਦ, ਰੂਸ ਨੇ ਹਮਲੇ ਤੇਜ਼ ਕਰ ਦਿੱਤੇ ਹਨ। ਹਾਲਾਂਕਿ ਸ਼ਾਂਤੀ ਯਤਨਾਂ ਵਿਚ ਹੁਣ ਤੱਕ ਕੋਈ ਪ੍ਰਗਤੀ ਨਹੀਂ ਹੋਈ ਹੈ। ਗਲਾਈਡ ਬੰਬ ਸੋਵੀਅਤ ਯੁਗ ਦੇ ਹਨ। ਇਨ੍ਹਾਂ ਬੰਬਾਂ ਨੇ ਯੂਕਰੇਨ ਵਿਚ ਕਾਫ਼ੀ ਤਬਾਹੀ ਮਚਾਈ ਹੈ। ਇਨ੍ਹਾਂ ਵਿੱਚੋਂ ਕੁਝ 3000 ਪੌਂਡ (1360 ਕਿਲੋਗ੍ਰਾਮ) ਭਾਰ ਦੇ ਹਨ।