ਕਿਹਾ- ਪਾਕਿਸਤਾਨ ਦੀ ਇਕ-ਇਕ ਇੰਚ ਜ਼ਮੀਨ ਬ੍ਰਹਮੋਸ ਦੇ ਨਿਸ਼ਾਨੇ ’ਤੇ
ਲਖਨਊ :
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਲਖਨਊ ਯੂਨਿਟ ’ਚ ਤਿਆਰ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦੀ ਪਹਿਲੀ ਖੇਪ ਫ਼ੌਜ ਨੂੰ ਸੌਂਪਦੇ ਹੋਏ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ। ਸਰੋਜਨੀ ਨਗਰ ਦੇ ਭਟਗਾਂਵ ਸਥਿਤ ਬ੍ਰਹਮੋਸ ਉਤਪਾਦਨ ਇਕਾਈ ’ਚ ਹੋਏ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਕ-ਇਕ ਇੰਚ ਜ਼ਮੀਨ ਸਾਡੀ ਬ੍ਰਹਮੋਸ ਮਿਜ਼ਾਈਲ ਦੀ ਪਹੁੰਚ ’ਚ ਹੈ।ਆਪ੍ਰੇਸ਼ਨ ਸਿੰਧੂਰ ਤਾਂ ਸਿਰਫ਼ ਟ੍ਰੇਲਰ ਸੀ। ਉਸ ਟ੍ਰੇਲਰ ਨਾਲ ਪਾਕਿਸਤਾਨ ਨੂੰ ਇਹ ਪਤਾ ਲੱਗ ਗਿਆ ਹੈ ਕਿ ਜੇਕਰ ਭਾਰਤ ਉਸਨੂੰ ਜਨਮ ਦੇ ਸਕਦਾ ਹੈ ਤਾਂ ਸਮੇਂ ਆਉਣ ’ਤੇ ਉਹ…। ਹੁਣ ਅੱਗੇ ਮੈਨੂੰ ਬੋਲਣ ਦੀ ਲੋੜ ਨਹੀਂ ਹੈ, ਤੁਸੀਂ ਖੁਦ ਸਮਝਦਾਰ ਹੋ। ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਉਸਦੀ ਨਾਪਾਕ ਹਰਕਤ ’ਤੇ ਵੱਡਾ ਅੰਜਾਮ ਭੁਗਤਣ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ’ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਯਾਦ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੂੰ ਕਿਹਾ ਹੈ ਕਿ ਸੰਗਠਨ ਨੂੰ ਜਿੰਨੀ ਜ਼ਮੀਨ ਚਾਹੀਦੀ ਹੈ, ਉੱਤਰ ਪ੍ਰਦੇਸ਼ ’ਚ ਮਿਲੇਗੀ। ਉਨ੍ਹਾਂ ਦੀ ਕੈਬਨਿਟ ਨੇ ਬ੍ਰਹਮੋਸ ਯੂਨਿਟ ਲਈ ਫ੍ਰੀ ’ਚ ਜ਼ਮੀਨ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ ਸੀ। ਰਾਜਨਾਥ ਸਿੰਘ ਨੇ ਕਿਹਾ ਕਿ ਬ੍ਰਹਮੋਸ ਵਰਗੀਆਂ ਉਪਲਬਧੀਆਂ ਨਾਲ ਮੇਡ ਇਨ ਇੰਡੀਆ ਗਲੋਬਲ ਬਰਾਂਡ ਬਣ ਗਿਆ ਹੈ। ਹੁਣ ਅਸੀਂ ਫਲੀਪੀਂਸ ਨੂੰ ਬ੍ਰਹਮੋਸ ਬਰਾਮਦ ਕਰਾਂਗੇ। ਭਾਰਤ ਹੁਣ ਰੱਖਿਆ ਖੇਤਰ ’ਚ ਟੈਕਨਾਲੋਜੀ ਲੈਣ ਵਾਲਾ ਨਹੀਂ, ਦੇਣ ਵਾਲਾ ਬਣ ਗਿਆ ਹੈ। ਕਈ ਦੇਸ਼ ਭਾਰਤ ਦੇ ਨਾਲ ਤਕਨੀਕੀ ਸਹਿਯੋਗ ’ਚ ਦਿਲਚਸਪੀ ਰੱਖਦੇ ਹਨ। ਪਿਛਲੇ ਇਕ ਮਹੀਨੇ ’ਚ ਬ੍ਰਹਮੋਸ ਟੀਮ ਨੇ ਦੋ ਦੇਸ਼ਾਂ ਨਾਲ ਚਾਰ ਹਜ਼ਾਰ ਕਰੋੜ ਰੁਪਏ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਅਗਲੇ ਵਿੱਤੀ ਸਾਲ ਤੋਂ ਬ੍ਰਹਮੋਸ ਇਕਾਈ ਦਾ ਟਰਨਓਵਰ ਤਿੰਨ ਹਜ਼ਾਰ ਕਰੋੜ ਹੋਵੇਗਾ। ਇਸ ਨਾਲ ਉੱਤਰ ਪ੍ਰਦੇਸ਼ ਸਰਕਾਰ ਨੂੰ ਪੰਜ ਸੌ ਕਰੋੜ ਦਾ ਜੀਐੱਸਟੀ ਮਿਲੇਗਾ। ਇਕ ਬ੍ਰਹਮੋਸ ਮਿਜ਼ਾਈਲ ਦੇ ਉਤਪਾਦਨ ਨਾਲ ਮਿਲਣ ਵਾਲੇ ਜੀਐੱਸਟੀ ਨਾਲ ਕਈ ਸਕੂਲ ਤੇ ਹਸਪਤਾਲ ਬਣ ਸਕਣਗੇ। ਦੇਸ਼ ਲਈ ਇਸ ਤੋਂ ਵੱਡਾ ਧਨਤੇਰਸ ਕੀ ਹੋ ਸਕਦਾ ਹੈ? ਸਾਡੀ ਸੁਰੱਖਿਆ ਦੇ ਨਾਲ ਨਾਲ ਅਰਥਚਾਰੇ ’ਤੇ ਵੀ ਮਾਂ ਲਕਸ਼ਮੀ ਦੀ ਕਿਰਪਾ ਵਰ੍ਹੀ ਹੈ। ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਰੱਖਿਆ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸੰਸਾ ਕੀਤੀ। ਕਿਹਾ ਕਿ ਬ੍ਰਹਮੋਸ ਸਾਡੀਆਂ ਫ਼ੌਜਾਂ ਦੀ ਸ਼ਕਤੀ ਦਾ ਹੀ ਪ੍ਰਤੀਕ ਨਹੀਂ ਹੈ, ਇਹ ਸੰਦੇਸ਼ ਵੀ ਹੈ ਕਿ ਹੁਣ ਉੱਤਰ ਪ੍ਰਦੇਸ਼ ਕਿਸੇ ਵੀ ਚੁਣੌਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬਾਹਰੀ ਸੁਰੱਖਿਆ ਹੋਵੇ ਜਾਂ ਅੰਦਰੂਨੀ, ਉੱਤਰ ਪ੍ਰਦੇਸ਼ ਹੁਣ ਸਾਰੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹੈ। ਰੱਖਿਆ ਮੰਤਰੀ ਨੇ ਭਾਰਤ ਦੀ ਵਧਦੀ ਫ਼ੌਜੀ ਸਮਰੱਥਾ ਨੂੰ ਰੇਖਾਂਕਿਤ ਕੀਤਾ। ਕਿਹਾ ਕਿ ਆਪ੍ਰੇਸ਼ਨ ਸਿੰਧੂਰ ’ਚ ਬ੍ਰਹਮੋਸ ਦਾ ਜਿਹੜਾ ਪ੍ਰਦਰਸ਼ਨ ਹੋਇਆ, ਉਸਨੇ ਦੇਸ਼ਵਾਸੀਆਂ ’ਚ ਆਤਮਵਿਸ਼ਵਾਸ ਜਗਾਇਆ ਹੈ।
ਆਪ੍ਰੇਸ਼ਨ ਸਿੰਧੂਰ ਹਾਲੇ ਖਤਮ ਨਹੀਂ ਹੋਇਆ। ਜਿੱਤ ਸਾਡੀ ਆਦਤ ਹੈ।
ਹੁਣ ਇਸ ਆਦਤ ਨੂੰ ਨਾ ਸਿਰਫ਼ ਬਣਾ ਕੇ ਰੱਖਣਾ ਹੈ, ਬਲਕਿ ਇਸਨੂੰ ਹੋਰ ਮਜ਼ਬੂਤ ਕਰਨਾ ਹੈ। ਬ੍ਰਹਮੋਸ ਦੇਸ਼ ਦੀ ਵਧਦੀ ਸਵਦੇਸ਼ੀ ਸਮਰੱਥਾਵਾਂ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਦੇਸ਼ ਨੂੰ ਵਿਕਸਤ ਕਰਨ ਦਾ ਟੀਚਾ ਦਿੱਤਾ ਹੈ। ਇਸ ਯਾਤਰਾ ’ਚ ਫ਼ੌਜੀ ਖੇਤਰ ਦਾ ਵੱਡਾ ਯੋਗਦਾਨ ਹੋਵੇਗਾ। ਰੱਖਿਆ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜੇਕਰ ਉਦਯੋਗ ਜਗਤ ਤੇ ਸਰਕਾਰ ਮਿਲ ਕੇ ਕੰਮ ਕਰਨ ਤਾਂ ਕੋਈ ਵੀ ਟੀਚਾ ਸੰਭਵ ਹੈ। ਉਨ੍ਹਾਂ ਕਿਹਾ ਕਿ ਸਾਡੇ ਛੋਟੇ ਉਦਯੋਗਾਂ ਨੂੰ ਏਨਾ ਮਜ਼ਬੂਤ ਕਰਨ ਦੀ ਲੋੜ ਹੈ ਕਿ ਕਲਪੁਰਜ਼ਿਆਂ ਲਈ ਦੂਜਿਆਂ ’ਤੇ ਨਿਰਭਰ ਨਹੀਂ ਰਹਿਣਾ ਪਵੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬ੍ਰਹਮੋਸ ਏਅਰੋਸਪੇਸ ਯੂਨਿਟ ’ਚ ਬੂਸਟਰ ਤੇ ਵਾਰਹੈੱਡ ਬਿਲਡਿੰਗ ਦਾ ਉਦਘਾਟਨ ਕੀਤਾ। ਦੋਵਾਂ ਨੇ ਸੁਕੋਈ ਲੜਾਕੂ ਜਹਾਜ਼ ਨਾਲ ਬ੍ਰਹਮੋਸ ਦੇ ਵਰਚੁਅਲ ਹਮਲੇ ਨੂੰ ਵੀ ਦੇਖਿਆ।